ਓਟਵਾ, 15 ਦਸੰਬਰ
ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਫੈਲਾਅ ਨੂੰ ਰੋਕਣ ਲਈ ਕੈਨੇਡਾ ਕੌਮਾਂਤਰੀ ਯਾਤਰਾ ਸਬੰਧੀ ਪਾਬੰਦੀਆਂ ਨੂੰ ਸਖ਼ਤ ਕਰ ਸਕਦਾ ਹੈ। ਨਵੀਆਂ ਯਾਤਰਾ ਪਾਬੰਦੀਆਂ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ। ਵੇਰਵਿਆਂ ਮੁਤਾਬਕ ਕੈਨੇਡਾ ਆਉਣ ਵਾਲੇ ਸਾਰੇ ਗ਼ੈਰ-ਜ਼ਰੂਰੀ ਯਾਤਰੀਆਂ ਉਤੇ ਰੋਕ ਲੱਗ ਸਕਦੀ ਹੈ। ਅਮਰੀਕਾ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ। ਸੀਬੀਸੀ ਦੀ ਇਕ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਰਾਜਾਂ ਦੇ ਪ੍ਰੀਮੀਅਰ ਇਸ ਮੁੱਦੇ ਉਤੇ ਗੱਲਬਾਤ ਕਰ ਚੁੱਕੇ ਹਨ। ਪਰ ਹਾਲੇ ਤੱਕ ਫ਼ੈਸਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਨਵੇਂ ਚੁੱਕੇ ਜਾਣ ਵਾਲੇ ਕਦਮਾਂ ਵਿਚ ਲਾਜ਼ਮੀ ਇਕਾਂਤਵਾਸ ਤੇ ਟੈਸਟਿੰਗ ਦੀ ਸ਼ਰਤ ਹੋ ਸਕਦੀ ਹੈ। ਇਹ ਸ਼ਰਤ ਕੈਨੇਡੀਅਨ ਨਾਗਰਿਕਾਂ ਤੇ ਮੁਲਕ ਵਿਚ ਪੱਕੀ ਰਿਹਾਇਸ਼ (ਪੀਆਰ) ਹਾਸਲ ਕਰਨ ਵਾਲਿਆਂ ਉਤੇ ਵੀ ਲਾਗੂ ਹੋ ਸਕਦੀ ਹੈ। ਅਫ਼ਰੀਕਾ ਦੇ ਦਸ ਮੁਲਕਾਂ ਦੀ ਹਾਲ ਹੀ ਵਿਚ ਯਾਤਰਾ ਕਰਨ ਵਾਲਿਆਂ ਉਤੇ ਕੈਨੇਡਾ ਪਹਿਲਾਂ ਹੀ ਪਾਬੰਦੀ ਲਾ ਚੁੱਕਾ ਹੈ। -ਏਜੰਸੀ