ਢਾਕਾ, 16 ਦਸੰਬਰ
ਮੁੱਖ ਅੰਸ਼
- ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ‘ਚ ਭਾਰਤ ਵੱਲੋਂ ਪਾਏ ਯੋਗਦਾਨ ਦੀ ਹੋਈ ਸ਼ਲਾਘਾ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਥੇ ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮੌਕੇ ਹੋਈ ਫਤਹਿ ਦਿਵਸ ਪਰੇਡ ‘ਚ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲਿਆ। ਬੰਗਲਾਦੇਸ਼ ਨੇ ਪਰੇਡ ਦੌਰਾਨ ਆਪਣੀ ਫ਼ੌਜੀ ਤਾਕਤ ਦਾ ਮੁਜ਼ਾਹਰਾ ਵੀ ਕੀਤਾ। ਭਾਰਤੀ ਫ਼ੌਜ ਦੇ 122 ਮੈਂਬਰੀ ਦਲ ਨੇ ਵੀ ਇਸ ਪਰੇਡ ‘ਚ ਸ਼ਮੂਲੀਅਤ ਕੀਤੀ ਜਿਸ ਨੂੰ ਦੇਖਣ ਲਈ ਬੰਗਲਾਦੇਸ਼ੀ ਰਾਸ਼ਟਰਪਤੀ ਐੱਮ ਅਬਦੁਲ ਹਾਮਿਦ, ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਮੰਤਰੀ, ਕੂਟਨੀਤਕ ਅਤੇ ਹੋਰ ਹਸਤੀਆਂ ਵੀ ਹਾਜ਼ਰ ਸਨ। ਫਤਹਿ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਬੰਗਲਾਦੇਸ਼ ਨਾਲ ਦੋਸਤੀ ਨੂੰ ਵਧੇਰੇ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਭਾਰਤ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 1971 ਦੀ ਜੰਗ ਦਾ ਹਰੇਕ ਭਾਰਤੀ ਦੇ ਦਿਲ ‘ਚ ਵਿਸ਼ੇਸ਼ ਸਥਾਨ ਹੈ। ਸ੍ਰੀ ਕੋਵਿੰਦ ਨੇ ਕਿਹਾ ਕਿ ਦੁਨੀਆ ਨੇ ਵੱਡਾ ਸਬਕ ਸਿੱਖਿਆ ਹੈ ਕਿ ਵੱਡੀ ਗਿਣਤੀ ਲੋਕਾਂ ਦੀ ਇੱਛਾ ਨੂੰ ਕਿਸੇ ਵੀ ਤਾਕਤ ਨਾਲ ਦਬਾਇਆ ਨਹੀਂ ਜਾ ਸਕਦਾ ਹੈ।
ਮਾਰਚ ਪਾਸਟ ਦੌਰਾਨ ਜਦੋਂ ਭਾਰਤੀ ਦਲ ਦੀ ਵਾਰੀ ਆਈ ਤਾਂ ਉਥੇ ਮੌਜੂਦ ਲੋਕਾਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ 1971 ਦੀ ਬੰਗਲਾਦੇਸ਼ ਦੀ ਮੁਕਤੀ ਜੰਗ ‘ਚ ਭਾਰਤ ਵੱਲੋਂ ਦਿੱਤੇ ਗਏ ਯੋਗਦਾਨ ਦਾ ਉਚੇਚੇ ਤੌਰ ‘ਤੇ ਜ਼ਿਕਰ ਕੀਤਾ ਗਿਆ। ਫਤਹਿ ਦਿਵਸ ਪਰੇਡ ਮੌਕੇ ਭਾਰਤੀ ਹਵਾਈ ਸੈਨਾ ਦੀ ਵਿੰਗ ਕਮਾਂਡਰ ਟੀ ਆਸ਼ਾ ਜਯੋਤਿਰਮਈ ਨੇ ਬੰਗਲਾਦੇਸ਼ ਏਅਰ ਫੋਰਸ ਦੇ ਸਕਾਈਡਾਈਵਰਾਂ ਨਾਲ ਮਿਲ ਕੇ ਹੈਰਤਅੰਗੇਜ਼ ਕਰਤੱਬ ਦਿਖਾਏ। ਜਯੋਤਿਰਮਈ ਨੇ ਮੁਕਤੀ ਜੰਗ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਭਾਰਤੀ ਫ਼ੌਜੀਆਂ ਦੇ ਸਤਿਕਾਰ ‘ਚ ਹਵਾ ‘ਚੋਂ ਛਾਲ ਮਾਰਨ ਵੇਲੇ ਹੱਥਾਂ ‘ਚ ਭਾਰਤੀ ਤਿਰੰਗਾ ਫੜਿਆ ਹੋਇਆ ਸੀ। ਰਾਸ਼ਟਰਪਤੀ ਕੋਵਿੰਦ ਅਤੇ ਭਾਰਤ ਦੀ ਪ੍ਰਥਮ ਮਹਿਲਾ ਸਵਿਤਾ ਕੋਵਿੰਦ ਦਾ ਇਥੇ ਪੁੱਜਣ ‘ਤੇ ਰਾਸ਼ਟਰਪਤੀ ਹਾਮਿਦ ਅਤੇ ਪ੍ਰਧਾਨ ਮੰਤਰੀ ਹਸੀਨਾ ਨੇ ਸਵਾਗਤ ਕੀਤਾ। ਭਾਰਤ ਤੋਂ ਇਲਾਵਾ ਰੂਸ ਅਤੇ ਭੂਟਾਨ ਦੀ ਫ਼ੌਜ ਨੇ ਵੀ ਪਰੇਡ ‘ਚ ਹਿੱਸਾ ਲਿਆ। ਬੰਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਫਤਹਿ ਦਿਵਸ ਸਮਾਗਮ ‘ਚ ਪਹਿਲੀ ਵਾਰ ਵਿਦੇਸ਼ੀ ਫ਼ੌਜ ਨੇ ਸ਼ਮੂਲੀਅਤ ਕੀਤੀ ਹੈ। ਅਮਰੀਕਾ ਅਤੇ ਮੈਕਸਿਕੋ ਨੇ ਪਰੇਡ ‘ਚ ਹਿੱਸਾ ਲੈਣ ਲਈ ਫ਼ੌਜੀ ਨਿਗਰਾਨ ਗਰੁੱਪ ਭੇਜੇ ਸਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਹਾਮਿਦ ਅਤੇ ਪ੍ਰਧਾਨ ਮੰਤਰੀ ਹਸੀਨਾ ਨੇ ਮੁਕਤੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬੰਗਲਾਦੇਸ਼ ਨੂੰ ਮਾਨਤਾ ਦੇਣ ਵਾਲਾ ਭਾਰਤ, ਭੂਟਾਨ ਤੋਂ ਬਾਅਦ ਦੂਜਾ ਮੁਲਕ ਸੀ। ਅੱਜ ਦੇ ਦਿਨ ਹੀ 1971 ‘ਚ 93 ਹਜ਼ਾਰ ਪਾਕਿਸਤਾਨੀ ਫ਼ੌਜੀਆਂ ਨੇ ਆਪਣੇ ਲੈਫ਼ਟੀਨੈਂਟ ਜਨਰਲ ਆਮਿਰ ਅਬਦੁੱਲਾ ਖ਼ਾਨ ਨਿਆਜ਼ੀ ਦੀ ਅਗਵਾਈ ਹੇਠ ਢਾਕਾ ‘ਚ ਭਾਰਤੀ ਫ਼ੌਜ ਦੀ ਕਮਾਨ ਸੰਭਾਲ ਰਹੇ ਲੈਫ਼ਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਆਤਮ-ਸਮਰਪਣ ਕਰ ਦਿੱਤਾ ਸੀ। ਇਸ ਮਗਰੋਂ ਪੂਰਬੀ ਪਾਕਿਸਤਾਨ ਆਜ਼ਾਦ ਹੋ ਗਿਆ ਸੀ ਅਤੇ ਬੰਗਲਾਦੇਸ਼ ਬਣਿਆ ਸੀ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਮਾਰਚ ਪਾਸਟ ਕਰ ਰਹੇ ਜਵਾਨਾਂ ਨੂੰ ਹੱਲਾਸ਼ੇਰੀ ਦਿੱਤੀ। ਬੰਗਲਾਦੇਸ਼ ਦੀਆਂ ਤਿੰਨੋਂ ਸੈਨਾਵਾਂ ਦੇ ਦਲ ਨੇ ਇਸ ਸਾਲ 26 ਜਨਵਰੀ ‘ਤੇ ਭਾਰਤ ‘ਚ ਗਣਤੰਤਰ ਦਿਵਸ ਦੇ ਜਸ਼ਨਾਂ ‘ਚ ਸ਼ਮੂਲੀਅਤ ਕੀਤੀ ਸੀ। ਰਾਸ਼ਟਰਪਤੀ ਹਾਮਿਦ ਅਤੇ ਪ੍ਰਧਾਨ ਮੰਤਰੀ ਹਸੀਨਾ ਨੇ ਸਾਵਰ ‘ਚ ਕੌਮੀ ਯਾਦਗਾਰ ‘ਤੇ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਬੁੱਧਵਾਰ ਨੂੰ ਕਿਹਾ ਸੀ ਕਿ 2021 ਭਾਰਤ ਅਤੇ ਬੰਗਲਾਦੇਸ਼ ਦੇ ਸਬੰਧਾਂ ਲਈ ਅਹਿਮ ਵਰ੍ਹਾ ਹੈ ਕਿਉਂਕਿ ਇਹ ਬੰਗਲਾਦੇਸ਼ ਦੀ ਸਥਾਪਨਾ ਅਤੇ ਦੋਵੇਂ ਮੁਲਕਾਂ ਵਿਚਕਾਰ ਕੂਟਨੀਤਕ ਸਬੰਧਾਂ ਦੀ 50ਵੀਂ ਵਰ੍ਹੇਗੰਢ ਤੋਂ ਇਲਾਵਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਦਾ ਵਰ੍ਹਾ ਹੈ। -ਪੀਟੀਆਈ
ਭਾਰਤ ਤੋਂ ਰੱਖਿਆ ਸਾਜ਼ੋ-ਸਾਮਾਨ ਦਰਾਮਦ ਕਰੇਗਾ ਬੰਗਲਾਦੇਸ਼
ਢਾਕਾ: ਬੰਗਲਾਦੇਸ਼ ਵੱਲੋਂ ਭਾਰਤ ਤੋਂ ਰੱਖਿਆ ਸਾਜ਼ੋ-ਸਾਮਾਨ ਦਰਾਮਦ ਕੀਤਾ ਜਾਵੇਗਾ। ਇਹ ਭਾਰਤ ਵੱਲੋਂ 50 ਕਰੋੜ ਡਾਲਰ ਦੇ ਮੁਹੱਈਆ ਕਰਵਾਏ ਗਏ ਕਰਜ਼ੇ ਤਹਿਤ ਸਮਝੌਤਾ ਹੋਇਆ ਹੈ। ਉਧਰ ਭਾਰਤ-ਬੰਗਲਾਦੇਸ਼ ਦੋਸਤੀ ਪਾਈਪਲਾਈਨ ਦਾ ਅਗਲੇ ਸਾਲ ਉਦਘਾਟਨ ਹੋ ਸਕਦਾ ਹੈ। ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕਿਹਾ ਕਿ 346 ਕਰੋੜ ਰੁਪਏ ਦੇ ਇਸ ਪ੍ਰਾਜੈਕਟ ‘ਤੇ 2018 ‘ਚ ਦਸਤਖ਼ਤ ਕੀਤੇ ਗਏ ਸਨ ਅਤੇ ਇਹ ਪਾਈਪਲਾਈਨ ਸਿਲੀਗੁੜੀ (ਪੱਛਮੀ ਬੰਗਾਲ) ਅਤੇ ਪਰਬਤੀਪੁਰ (ਬੰਗਲਾਦੇਸ਼) ਨਾਲ ਜੁੜੇਗੀ। -ਪੀਟੀਆਈ
ਕੋਵਿੰਦ ਨੇ ਹਾਮਿਦ ਨੂੰ 1971 ਦੇ ਮਿੱਗ-21 ਦਾ ਮਾਡਲ ਭੇਟ ਕੀਤਾ
ਢਾਕਾ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 1971 ਦੀ ਜੰਗ ਦੌਰਾਨ ਭਾਰਤ ਅਤੇ ਬੰਗਲਾਦੇਸ਼ ਦੇ ਫ਼ੌਜੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਸ ਸਮੇਂ ਦੇ ਮਿੱਗ-21 ਦਾ ਮਾਡਲ ਅੱਜ ਆਪਣੇ ਬੰਗਲਾਦੇਸ਼ੀ ਹਮਰੁਤਬਾ ਅਬਦੁਲ ਹਾਮਿਦ ਨੂੰ ਭੇਟ ਕੀਤਾ। ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਅਸਲ ਮਿਗ ਬੰਗਲਾਦੇਸ਼ ਕੌਮੀ ਅਜਾਇਬਘਰ ‘ਚ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੀ ਮੁਕਤੀ ਜੰਗ ਦੌਰਾਨ ਸ਼ਹੀਦ ਹੋਏ 1600 ਤੋਂ ਜ਼ਿਆਦਾ ਭਾਰਤੀ ਜਵਾਨਾਂ ਨੂੰ ਇਹ ਸ਼ਰਧਾਂਜਲੀ ਹੈ। ਰਾਸ਼ਟਰਪਤੀ ਕੋਵਿੰਦ ਨੇ ਬਾਪੂ ਬੰਗਬੰਧੂ ਡਿਜੀਟਲ ਪ੍ਰਦਰਸ਼ਨੀ ਬੰਗਲਾਦੇਸ਼ ਨੂੰ ਤੋਹਫੇ ‘ਚ ਦੇਣ ਦਾ ਵੀ ਐਲਾਨ ਕੀਤਾ ਹੈ। -ਪੀਟੀਆਈ