ਨਵੀਂ ਦਿੱਲੀ, 16 ਦਸੰਬਰ
ਮੁੱਖ ਅੰਸ਼
- ਭਾਰਤ-ਪਾਕਿ ਜੰਗ ਫੌਜੀ ਇਤਿਹਾਸ ਦਾ ਸੁਨਹਿਰੀ ਅਧਿਆਏ: ਰਾਜਨਾਥ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1971 ਦੀ ਭਾਰਤ-ਪਾਕਿ ਜੰਗ ਵਿੱਚ ਮਿਲੀ ਜਿੱਤ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਵਿਜੈ ਦਿਵਸ’ ਮੌਕੇ ਅੱਜ ਬੰਗਲਾਦੇਸ਼ ਦੇ ਆਜ਼ਾਦੀ ਘੁਲਾਟੀਆਂ ਤੇ ਭਾਰਤੀ ਹਥਿਆਰਬੰਦ ਬਲਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਸਿਜਦਾ ਕਰਦਿਆਂ ਸ਼ਰਧਾਂਜਲੀ ਦਿੱਤੀ। ਪੰਜ ਦਹਾਕੇ ਪਹਿਲਾਂ ਲੜੀ ਇਸ ਜੰਗ ਮਗਰੋਂ ਪੂਰਬੀ ਪਾਕਿਸਤਾਨ ‘ਚੋਂ ਬੰਗਲਾਦੇਸ਼ ਦਾ ਜਨਮ ਹੋਇਆ ਸੀ। ਸ੍ਰੀ ਮੋਦੀ 50ਵੇਂ ਸਵਰਣਿਮ ਵਿਜੈ ਦਿਵਸ ਮੌਕੇ ਕੌਮੀ ਜੰਗੀ ਯਾਦਗਾਰ ਗਏ ਤੇ ਉਨ੍ਹਾਂ ਫੁੱਲ ਮਾਲਾਵਾਂ ਰੱਖ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ।
ਸ੍ਰੀ ਮੋਦੀ ਨੇ ਪਿਛਲੇ ਇਕ ਸਾਲ ਦੌਰਾਨ ਪੂਰੇ ਦੇਸ਼ ਦਾ ਗੇੜਾ ਲਾ ਕੇ ਮੁੜੀਆਂ ਚਾਰ ਵਿਜੈ ਮਸ਼ਾਲਾਂ ਨੂੰ ਇਕੱਠਿਆਂ ਕਰਕੇ ਜੰਗੀ ਯਾਦਗਾਰ ‘ਤੇ ਬਲ ਰਹੀ ਅਮਰ ਜਿਓਤੀ ‘ਚ ਵਿਲੀਨ ਕਰ ਦਿੱਤਾ। ਸ੍ਰੀ ਮੋਦੀ ਨੇ ਇਨ੍ਹਾਂ ਵਿਜੈ ਮਸ਼ਾਲਾਂ ਨੂੰ ਇਕ ਸਾਲ ਪਹਿਲਾਂ ਪ੍ਰਜਵਲਿਤ ਕੀਤਾ ਸੀ। ਵਿਜੈ ਮਸ਼ਾਲਾਂ ਸਵਰਣਿਮ ਵਿਜੈ ਵਰ੍ਹੇ ਦੇ ਜਸ਼ਨਾਂ ਵਜੋਂ 1971 ਦੀ ਜੰਗ ਦੇ ਪਰਮਵੀਰ ਚੱਕਰ ਤੇ ਮਹਾਵੀਰ ਚੱਕਰ ਜੇਤੂਆਂ ਦੇ ਪਿੰਡਾਂ ਦੇ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਦਾ ਗੇੜਾ ਲਾ ਕੇ ਵਾਪਸ ਜੰਗੀ ਯਾਦਗਾਰ ਪੁੱਜੀਆਂ ਸਨ।ਸ੍ਰੀ ਮੋਦੀ ਨੇ ਟਵੀਟ ਕੀਤਾ, ”50ਵੇਂ ਵਿਜੈ ਦਿਵਸ ਮੌਕੇ ਮੈਂ ਮੁਕਤੀਜੋਧਿਆਂ, ਵੀਰਾਂਗਨਾਵਾਂ ਤੇ ਭਾਰਤੀ ਹਥਿਆਰਬੰਦ ਬਲਾਂ ਦੇ ਬਹਾਦਰ ਜਵਾਨਾਂ ਨੂੰ ਯਾਦ ਕਰਦਾ ਹਾਂ। ਅਸੀਂ ਮਿਲ ਕੇ ਲੜੇ ਅਤੇ ਦਮਨਕਾਰੀ ਤਾਕਤਾਂ ਨੂੰ ਭਾਂਜ ਦਿੱਤੀ। ਰਾਸ਼ਟਰਪਤੀ ਜੀ ਦੀ ਢਾਕਾ ਵਿਚ ਮੌਜੂਦਗੀ ਹਰ ਭਾਰਤੀ ਲਈ ਵਿਸ਼ੇਸ ਮਹੱਤਵ ਰੱਖਦੀ ਹੈ।” ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੜੀਵਾਰ ਟਵੀਟ ਕਰਕੇ 1971 ਦੀ ਭਾਰਤ-ਪਾਕਿ ਜੰਗ ਨੂੰ ਭਾਰਤ ਦੇ ਫੌਜੀ ਇਤਿਹਾਸ ਦਾ ਸੁਨਹਿਰੀ ਅਧਿਆਏ ਦੱਸਿਆ। -ਪੀਟੀਆਈ
ਸੰਸਦ ਵੱਲੋਂ ਹਥਿਆਰਬੰਦ ਬਲਾਂ ਦੀ ਸ਼ਲਾਘਾ
ਨਵੀਂ ਦਿੱਲੀ: ਸੰਸਦ ਨੇ ਵਿਜੈ ਦਿਵਸ ਦੀ 50ਵੀਂ ਵਰ੍ਹੇਗੰਢ ਮੌਕੇ ਬੰਗਲਾਦੇਸ਼ੀ ਆਜ਼ਾਦੀ ਘੁਲਾਟੀਆਂ ਤੇ ਭਾਰਤੀ ਹਥਿਆਰਬੰਦ ਬਲਾਂ ਨੂੰ ਸ਼ਰਧਾਂਜਲੀ ਦਿੱਤੀ। ਸਪੀਕਰ ਓਮ ਬਿਰਲਾ ਨੇ ਵਿਜੈ ਦਿਵਸ ਦੇ ਹਵਾਲੇ ਨਾਲ ਬੰਗਲਾਦੇਸ਼ ਦੇ ਆਜ਼ਾਦੀ ਘੁਲਾਟੀਆਂ ਤੇ ਭਾਰਤੀ ਥਲ ਸੈਨਾ, ਜਲਸੈਨਾ ਤੇ ਹਵਾਈ ਸੈਨਾ ਵੱਲੋਂ ਵਿਖਾਈ ਮਿਸਾਲੀ ਦਲੇਰੀ ਨੂੰ ਯਾਦ ਕੀਤਾ। ਸਪੀਕਰ ਨੇ ਕਿਹਾ, ”ਉਨ੍ਹਾਂ ਦੀਆਂ ਅਸਾਧਾਰਨ ਕੁਰਬਾਨੀਆਂ ਭਵਿੱਖੀ ਪੀੜ੍ਹੀਆਂ ਨੂੰ ਪ੍ਰੇਰਨਾ ਦਿੰਦੀਆਂ ਰਹਿਣਗੀਆਂ।’ ਉਧਰ ਰਾਜ ਸਭਾ ਵਿੱਚ ਚੇਅਰਮੈਨ ਐੱਮ.ਵੈਂਕਈਆ ਨਾਇਡੂ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਵੱਲੋਂ 1971 ਵਿੱਚ ਵਿਖਾਈ ਨਿਧੜਕ ਦਲੇਰੀ ਤੇ ਸੂਰਮਗਤੀ ਨੂੰ ਅੱਜ ਵੀ ਪੂਰੇ ਦੇਸ਼ ਵਿੱਚ ਬੜੇ ਮਾਣ ਤੇ ਉਤਸ਼ਾਹ ਨਾਲ ਯਾਦ ਕੀਤਾ ਜਾਂਦਾ ਹੈ ਤੇ ਇਹ ਦੇਸ਼ ਦੇ ਲੋਕਾਂ ਨੂੰ ਅੱਗੋਂ ਵੀ ਪ੍ਰੇਰਨਾ ਦਿੰਦਾ ਰਹੇਗਾ। -ਪੀਟੀਆਈ
‘ਮਹਿਲਾ ਵਿਰੋਧੀ ਸੋਚ’ ਕਰਕੇ ਇੰਦਰਾ ਗਾਂਧੀ ਨੂੰ ਵਿਜੈ ਦਿਵਸ ਜਸ਼ਨਾਂ ਤੋਂ ਬਾਹਰ ਰੱਖਿਆ: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ‘ਮਹਿਲਾ ਵਿਰੋਧੀ ਸੋਚ’ ਕਰਕੇ ਭਾਜਪਾ ਸਰਕਾਰ ਦੇ ਵਿਜੈ ਦਿਵਸ ਜਸ਼ਨਾਂ ‘ਚੋਂ ‘ਬਾਹਰ’ ਰੱਖਿਆ ਗਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਹੁਣ ਸਮਾਂ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰਤਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਦੇਣ। ਪ੍ਰਿਯੰਕਾ ਨੇ ਟਵੀਟ ਕੀਤਾ, ”ਸਾਡੀ ਪਹਿਲੀ ਤੇ ਇਕੋ-ਇਕ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ‘ਮਹਿਲਾ ਵਿਰੋਧੀ ਸੋਚ’ ਕਰਕੇ ਭਾਜਪਾ ਸਰਕਾਰ ਦੇ ਵਿਜੈ ਦਿਵਸ ਜਸ਼ਨਾਂ ‘ਚੋਂ ਬਾਹਰ ਰੱਖਿਆ ਗਿਆ ਹੈ। ਉਹ ਵੀ ਉਸ ਦਿਹਾੜੇ ਦੀ 50ਵੀਂ ਵਰ੍ਹੇਗੰਢ ਮੌਕੇ ਜਦੋਂ ਉਨ੍ਹਾਂ ਦੀ ਅਗਵਾਈ ‘ਚ ਭਾਰਤ ਨੇ ਜੰਗ ਜਿੱਤੀ ਤੇ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ…।” ਕਾਂਗਰਸ ਦੀ ਜਨਰਲ ਸਕੱਤਰ ਨੇ ਕਿਹਾ, ”ਨਰਿੰਦਰ ਮੋਦੀ ਜੀ, ਮਹਿਲਾਵਾਂ ਤੁਹਾਡੀਆਂ ਬੇਤੁਕੀਆਂ ਗੱਲਾਂ ‘ਤੇ ਯਕੀਨ ਨਹੀਂ ਕਰਦੀਆਂ। ਸਰਪ੍ਰਸਤੀ/ਆਸਰਾ ਦੇਣ ਵਾਲਾ ਤੁਹਾਡਾ ਰਵੱਈਆ ਵੀ ਸਵੀਕਾਰਯੋਗ ਨਹੀਂ ਹੈ। ਹੁਣ ਸਮਾਂ ਹੈ ਜਦੋਂ ਤੁਸੀਂ ਮਹਿਲਾਵਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਦਿਓ।” ਉਧਰ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਵੱਲੋਂ ਬੰਗਲਾਦੇਸ਼ ਦੀ ਆਜ਼ਾਦੀ ਵਿੱਚ ਨਿਭਾਈ ਭੂਮਿਕਾ ਲਈ ਮਾਨਤਾ ਨਾ ਦੇਣਾ, ਮੰਦਭਾਗਾ ਹੈ। -ਪੀਟੀਆਈ