ਬਸਪਾ ਲੀਡਰਸ਼ਿਪ ਨੇ ਪਾਰਟੀ ਨੂੰ ਅਕਾਲੀ ਦਲ ਕੋਲ ਵੇਚਿਆ: ਚੰਨੀ


ਪਾਲ ਸਿੰਘ ਨੌਲੀ

ਜਲੰਧਰ, 17 ਦਸੰਬਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿੱਪ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਕੋਲ ਵੇਚ ਦਿੱਤਾ ਹੈ। ਇਸੇ ਕਰਕੇ ਗੱਠਜੋੜ ਦੌਰਾਨ ਬਸਪਾ ਦੇ ਹਿੱਸੇ ਆਈਆਂ 20 ਸੀਟਾਂ ਵਿੱਚੋਂ 15 ‘ਤੇ ਅਕਾਲੀ ਦਲ ਦੇ ਉਮੀਦਵਾਰ ਹੀ ਖੜ੍ਹੇ ਕੀਤੇ ਗਏ ਹਨ। ਮੁੱਖ ਮੰਤਰੀ ਅੱਜ ਜਲੰਧਰ ਛਾਉਣੀ ਹਲਕੇ ਦੇ ਪ੍ਰਤਾਪਪੁਰਾ ਦੀ ਦਾਣਾ ਮੰਡੀ ‘ਚ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਬਸਪਾ ‘ਤੇ ਪਾਰਟੀ ਦੇ ਬਾਨੀ ਪ੍ਰਧਾਨ ਬਾਬੂ ਕਾਂਸ਼ੀ ਰਾਮ ਦੇ ਸਿਧਾਂਤਾਂ ਨੂੰ ਤਿਲਾਂਜਲੀ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਦੇ ਆਗੂਆਂ ਨੇ ਖ਼ੁਦ ਨੂੰ ਅਕਾਲੀ ਦਲ ਦੇ ਗੁਲਾਮ ਬਣਾ ਲਿਆ ਹੈ। ਸ੍ਰੀ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਤਨਜ਼ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਥਾਂ-ਥਾਂ ਬੋਰਡ ਲਾ ਕੇ ਪੰਜਾਬ ਕੋਲੋਂ ਇਕ ਮੌਕਾ ਮੰਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਵੱਲੋਂ ਜਿਤਾਏ ਗਏ ‘ਆਪ’ ਦੇ ਚਾਰ ਸੰਸਦ ਮੈਂਬਰਾਂ ਵਿੱਚੋਂ ਤਿੰਨ ਕਿੱਧਰ ਗਏ? ਇਸੇ ਤਰ੍ਹਾਂ ‘ਆਪ’ ਦੇ 20 ਵਿਧਾਇਕਾਂ ਵਿੱਚੋਂ 11 ਵਿਧਾਇਕ ਵੀ ਇਧਰ-ਉਧਰ ਚਲੇ ਗਏ ਹਨ। ਇਸ ਮੌਕੇ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂਆਂ ਦੇ ਇਕਜੁੱਟ ਨਾ ਹੋਣ ‘ਤੇ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ 32 ਕਿਸਾਨ ਜਥੇਬੰਦੀਆਂ ਤਾਂ ਇਕਜੁੱਟ ਹੋ ਗਈਆਂ ਸਨ, ਪਰ ਕਾਂਗਰਸ ਵਿੱਚ ਦੋ ਜਣੇ ਵੀ ਇਕੱਠੇ ਨਹੀਂ ਦਿਖਦੇ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅੱਜ ਦੇ ਇਸ ਸਮਾਗਮ ਵਿੱਚੋਂ ਗ਼ੈਰਹਾਜ਼ਰ ਰਹੇ ਹਨ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਹਾਈਕਮਾਂਡ ਨਾਲ ਰਲੇ ਹੋਣ ਕਾਰਨ ਪਾਰਟੀ ਨੂੰ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਣ ਦੀ ਗੱਲ ਆਖੀ।

ਆਦਮਪੁਰ ਤੇ ਕਰਤਾਰਪੁਰ ਨੂੰ ਸਬ-ਡਿਵੀਜ਼ਨ ਬਣਾਉਣ ਦਾ ਐਲਾਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਦਮਪੁਰ ਤੇ ਕਰਤਾਰਪੁਰ ਨੂੰ ਸਬ-ਡਿਵੀਜ਼ਨ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਸਬ-ਡਿਵੀਜ਼ਨਾਂ ਕੰਮ ਕਰਨੀਆਂ ਸ਼ੁਰੂ ਕਰ ਦੇਣਗੀਆਂ। ਉਨ੍ਹਾਂ ਆਦਮਪੁਰ ਵਿੱਚ ਸਰਕਾਰੀ ਕਾਲਜ ਬਣਾਉਣ ਅਤੇ ਨਾਲ ਹੀ ਇਥੇ ਬਾਬਾ ਸੈਣ ਅਤੇ ਬਾਬਾ ਨਾਮਦੇਵ ਦੀਆਂ ਚੇਅਰਾਂ ਸਥਾਪਤ ਕਰਨ ਦਾ ਐਲਾਨ ਵੀ ਕੀਤਾ।Source link