ਰਾਜਨਾਥ ਵੱਲੋਂ ਫਰਾਂਸ ਦੀ ਰੱਖਿਆ ਮੰਤਰੀ ਨਾਲ ਵਾਰਤਾ

ਰਾਜਨਾਥ ਵੱਲੋਂ ਫਰਾਂਸ ਦੀ ਰੱਖਿਆ ਮੰਤਰੀ ਨਾਲ ਵਾਰਤਾ


ਨਵੀਂ ਦਿੱਲੀ, 17 ਦਸੰਬਰ

ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉਨ੍ਹਾਂ ਦੀ ਫਰਾਂਸੀਸੀ ਹਮਰੁਤਬਾ ਫਲੋਰੈਂਸ ਪਾਰਲੀ ਨੇ ਅੱਜ ਦੋਵਾਂ ਮੁਲਕਾਂ ਵਿਚਾਲੇ ਸੁਰੱਖਿਆ ਸਹਿਯੋਗ ਵਧਾਉਣ ਅਤੇ ਦੁਵੱਲੇ ਰੱਖਿਆ ਮੁੱਦਿਆਂ ਤੋਂ ਇਲਾਵਾ ਅਫ਼ਗਾਨਿਸਤਾਨ ਵਿਚਲੇ ਮੌਜੂਦਾ ਹਾਲਾਤ, ਪਾਕਿਸਤਾਨ ਵੱਲੋਂ ਸਰਹੱਦ ਪਾਰੋਂ ਅਤਿਵਾਦ, ਭਾਰਤ ਦੀ ਚੀਨ ਨਾਲ ਲੱਗਦੀ ਸਰਹੱਦ ਸਬੰਧੀ ਚਰਚਾ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਤੀਜੀ ਸਾਲਾਨਾ ਭਾਰਤ-ਫਰਾਂਸ ਰੱਖਿਆ ਵਾਰਤਾ ਦੌਰਾਨ ਮੇਕ ਇਨ ਇੰਡੀਆ ਨੂੰ ਸਹਿਯੋਗ ਦੇਣ ਅਤੇ ਫਰਾਂਸ ਕਿਸ ਤਰ੍ਹਾਂ ਭਾਰਤੀ ਫਰਮਾਂ ਨਾਲ ਸਹਿਯੋਗ ਕਰ ਸਕਦਾ ਹੈ ਜਾਂ ਭਾਰਤ ‘ਚ ਆਪਣੇ ਉਤਪਾਦਨ ਪਲਾਂਟ ਸਥਾਪਤ ਕਰ ਸਕਦਾ ਹੈ, ਬਾਰੇ ਚਰਚਾ ਕੀਤੀ ਗਈ। ਪਾਰਲੀ ਆਪਣੇ ਦੋ ਰੋਜ਼ਾ ਦੌਰੇ ‘ਤੇ ਭਾਰਤ ਆਏ ਹਨ ਤੇ ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੀ ਮੁਲਾਕਾਤ ਕੀਤੀ। ਵਾਰਤਾ ਮੌਕੇ ਪਾਰਲੀ ਨੇ ਕਿਹਾ ਕਿ ਫਰਾਂਸ ਭਾਰਤ ਨੂੰ ਲੋੜ ਪੈਣ ‘ਤੇ ਹੋਰ ਰਾਫਾਲ ਲੜਾਕੂ ਜਹਾਜ਼ ਦੇਣ ਲਈ ਤਿਆਰ ਹੈ ਅਤੇ ਉਨ੍ਹਾਂ ਦਾ ਮੁਲਕ ਮੇਕ ਇਨ ਇੰਡੀਆ ਮੁਹਿੰਮ ‘ਚ ਮਦਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਵਾਰਤਾ ਨੂੰ ਸ਼ਾਨਦਾਰ ਦੱਸਦਿਆਂ ਕਿਹਾ ਕਿ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਅੱਜ ਪਹਿਲਾਂ ਨਾਲੋਂ ਵੀ ਵੱਧ ਪ੍ਰਸੰਗਿਕ ਹੈ। ਉਨ੍ਹਾਂ ਟਵੀਟ ਕੀਤਾ, ‘ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਅੱਜ ਪਹਿਲਾਂ ਨਾਲੋਂ ਵੀ ਵੱਧ ਅਹਿਮ ਹੈ। ਫਰਾਂਸੀਸੀ ਹਮਰੁਤਬਾ ਨਾਲ ਮੁਲਾਕਾਤ ਸ਼ਾਨਦਾਰ ਰਹੀ। ਸਾਲਾਨਾ ਰੱਖਿਆ ਵਾਰਤਾ ਦੌਰਾਨ ਦੁੱਵਲੇ, ਖੇਤਰੀ ਤੇ ਰੱਖਿਆ ਸਹਿਯੋਗ ਨਾਲ ਸਬੰਧ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਹੋਈ।’ -ਪੀਟੀਆਈ

ਭਾਰਤ-ਪ੍ਰਸ਼ਾਂਤ ਖੇਤਰ ‘ਚ ਚੀਨ ਹੋਰ ਹਮਲਾਵਰ ਹੁੰਦਾ ਜਾ ਰਿਹੈ: ਪਾਰਲੀ

ਨਵੀਂ ਦਿੱਲੀ: ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਨੇ ਅੱਜ ਕਿਹਾ ਕਿ ਭਾਰਤ-ਪ੍ਰਸ਼ਾਂਤ ਖੇਤਰ ਅਤੇ ਦੱਖਣੀ ਚੀਨ ਸਾਗਰ ਵਿੱਚ ਚੀਨ ਜ਼ਿਆਦਾ ਹਮਲਾਵਰ ਹੁੰਦਾ ਜਾ ਰਿਹਾ ਹੈ ਅਤੇ ਇਸ ਲਈ ਸੁਤੰਤਰ ਆਵਾਜਾਈ ਯਕੀਨੀ ਬਣਾਉਣ ਅਤੇ ਕੌਮਾਂਤਰੀ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੈ। ਭਾਰਤ ਦੌਰੇ ‘ਤੇ ਆਈ ਪਾਰਲੀ ਨੇ ਇੱਕ ਥਿੰਕ ਟੈਂਕ ਨਾਲ ਗੱਲਬਾਤ ਸੈਸ਼ਨ ਦੌਰਾਨ ਅਫ਼ਗਾਨਿਸਤਾਨ ਦੀ ਸਥਿਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਅਤੇ ਫਰਾਂਸ ਦੋਵੇਂ ਦਹਿਸ਼ਤੀ ਹਮਲਿਆਂ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ ਅਤੇ ਅਤਿਵਾਦ ਦੀ ਚੁਣੌਤੀ ਨਾਲ ਵੱਡੇ ਪੱਧਰ ‘ਤੇ ਨਜਿੱਠਣਾ ਪਵੇਗਾ। ਫਰਾਂਸੀਸੀ ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਇੱਕ ਵੱਡਾ ਦੇਸ਼ ਹੈ ਅਤੇ ਜਲਵਾਯੂ ਪਰਿਵਰਤਨ ਵਰਗੇ ਕਈ ਅਜਿਹੇ ਖੇਤਰ ਹਨ, ਜਿੱਥੇ ਸਹਿਯੋਗ ਵਧਾਇਆ ਜਾ ਸਕਦਾ ਹੈ। ਪਾਰਲੀ ਮੁਤਾਬਕ, ”ਫਰਾਂਸ ਅਤੇ ਭਾਰਤ ਦੇ ਇੱਕ ਅਹਿਮ ਮੁੱਦੇ ‘ਤੇ ਵਿਚਾਰ ਇੱਕੋ ਜਿਹੇ ਹਨ… ਮੇਰਾ ਮਤਲਬ ਹੈ ਕਿ ਕੌਮਾਂਤਰੀ ਸਮੁੰਦਰੀ ਕਾਨੂੰਨ, ਆਵਾਜਾਈ ਦੀ ਆਜ਼ਾਦੀ ਸਿਰਫ ਇੱਕ ਮੁੱਖ ਧਾਰਨਾ ਨਹੀਂ ਹੈ। ਇਹ ਉਨ੍ਹਾਂ ਨਿਯਮਾਂ ਦੇ ਇੱਕ ਸਮੂਹ ਵਿੱਚੋਂ ਹੈ, ਜਿਨ੍ਹਾਂ ਦੀ ਅਸੀਂ ਪਾਲਣਾ ਕਰਦੇ ਹਾਂ, ਪਰ ਕੁਝ ਅਜਿਹਾ ਵੀ ਹੈ ਜੋ ਸਮੁੰਦਰੀ ਆਵਾਜਾਈ ਅਤੇ ਵਪਾਰ ਦੀ ਸੁਤੰਤਰਤਾ ਲਈ ਖ਼ਤਰਾ ਪੈਦਾ ਕਰਦਾ ਹੈ।” -ਪੀਟੀਆਈ



Source link