ਯਮਨ ਬਾਗ਼ੀਆਂ ਵੱਲੋਂ ਯੂਏਈ ਦੇ ਸਮੁੰਦਰੀ ਜਹਾਜ਼ ’ਤੇ ਕਬਜ਼ਾ


ਦੁਬਈ, 3 ਜਨਵਰੀ

ਯਮਨ ਦੇ ਹੋਥੀ ਬਾਗ਼ੀਆਂ ਨੇ ਲਾਲ ਸਾਗਰ ‘ਚ ਯੂਏਈ ਦੇ ਸਮੁੰਦਰੀ ਜਹਾਜ਼ ‘ਤੇ ਕਬਜ਼ਾ ਕਰ ਲਿਆ। ਉਧਰ ਇਰਾਨ ਦੇ ਸੀਨੀਅਰ ਫ਼ੌਜੀ ਅਧਿਕਾਰੀ ਸੁਲੇਮਾਨੀ ਨੂੰ 2020 ‘ਚ ਅਮਰੀਕਾ ਵੱਲੋਂ ਮਾਰ ਮੁਕਾਉਣ ਦੀ ਯਾਦ ‘ਚ ਹੈਕਰਾਂ ਨੇ ਇਜ਼ਰਾਈਲ ਦੇ ਅਖ਼ਬਾਰ ਦੀ ਵੈੱਬਸਾਈਟ ਨੂੰ ਨਿਸ਼ਾਨਾ ਬਣਾਇਆ। ਅਜਿਹੀਆਂ ਹਰਕਤਾਂ ਨਾਲ ਮੱਧ-ਪੂਰਬ ‘ਚ ਨਵੇਂ ਸਿਰੇ ਤੋਂ ਤਣਾਅ ਵਧ ਗਿਆ ਹੈ। ਲਾਲ ਸਾਗਰ ‘ਚ ‘ਰਵਾਬੀ’ ਜਹਾਜ਼ ‘ਤੇ ਕਬਜ਼ੇ ਦੀ ਜਾਣਕਾਰੀ ਸਭ ਤੋਂ ਪਹਿਲਾਂ ਬ੍ਰਿਟਿਸ਼ ਫ਼ੌਜ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜਹਾਜ਼ ‘ਤੇ ਹਮਲਾ ਅੱਧੀ ਰਾਤ ਤੋਂ ਬਾਅਦ ਕੀਤਾ ਗਿਆ। ਕੁਝ ਘੰਟਿਆਂ ਬਾਅਦ ਸਾਊਦੀ ਅਰਬ ਦੀ ਅਗਵਾਈ ਹੇਠਲੇ ਗੱਠਜੋੜ ਨੇ ਇਸ ਦੀ ਤਸਦੀਕ ਕਰਦਿਆਂ ਕਿਹਾ ਕਿ ਹੂਥੀਆਂ ਨੇ ਡਕੈਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਹਾਜ਼ ‘ਚ ਮੈਡੀਕਲ ਸਾਜ਼ੋ ਸਾਮਾਨ ਭਰਿਆ ਹੋਇਆ ਸੀ। ਬ੍ਰਿਗੇਡੀਅਰ ਜਨਰਲ ਤੁਰਕੀ ਅਲ ਮਲਕੀ ਨੇ ਬਿਆਨ ‘ਚ ਕਿਹਾ ਕਿ ਬਾਗ਼ੀਆਂ ਨੂੰ ਤੁਰੰਤ ਜਹਾਜ਼ ਛੱਡ ਦੇਣਾ ਚਾਹੀਦਾ ਹੈ, ਨਹੀਂ ਤਾਂ ਗੱਠਜੋੜ ਦੀ ਫ਼ੌਜ ਲੋੜੀਂਦੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਉਧਰ ਬਾਗ਼ੀਆਂ ਦੇ ਤਰਜਮਾਨ ਯਾਹੀਆ ਸਾਰੇਈ ਨੇ ਕਿਹਾ ਕਿ ਫ਼ੌਜੀ ਕਾਰਗੋ ਜਹਾਜ਼ ਯਮਨ ਦੇ ਸਮੁੰਦਰੀ ਪਾਣੀਆਂ ‘ਚ ਬਿਨਾਂ ਕਿਸੇ ਲਾਇਸੈਂਸ ਤੋਂ ਜਾ ਰਿਹਾ ਸੀ ਅਤੇ ਉਹ ਯਮਨ ਦੀ ਸਥਿਰਤਾ ਲਈ ਖ਼ਤਰਾ ਸੀ। ਇਸ ਦੌਰਾਨ ਯੇਰੋਸ਼ਲਮ ਪੋਸਟ ਦੀ ਵੈੈੱਬਸਾਈਟ ‘ਤੇ ਹੈਕਰਾਂ ਨੇ ਇਰਾਨ ਦੀ ਫ਼ੌਜ ਵੱਲੋਂ ਕੀਤੀਆਂ ਗਈਆਂ ਮਸ਼ਕਾਂ ਦੀ ਤਸਵੀਰ ਪੋਸਟ ਕੀਤੀ ਹੈ। ਪੋਸਟ ‘ਚ ਕਿਹਾ ਗਿਆ ਹੈ ਕਿ ਇਜ਼ਰਾਈਲ ਦੇ ਪਰਮਾਣੂ ਟਿਕਾਣੇ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਇਸ ਕਾਰੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਇਰਾਕ ਦੀ ਫ਼ੌਜ ਨੇ ਸੋਮਵਾਰ ਨੂੰ ਬਗ਼ਦਾਦ ਹਵਾਈ ਅੱਡੇ ‘ਤੇ ਆਤਮਘਾਤੀ ਦੋ ਡਰੋਨਾਂ ਨੂੰ ਡੇਗ ਲਿਆ। ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। -ਏਪੀSource link