ਬ੍ਰਿਸਬਨ ’ਚ ਰੈਸਟੋਰੈਂਟ ਤੇ ਕੈਫ਼ੇ ਕਾਮਿਆਂ ਤੋਂ ਵਾਂਝੇ

ਬ੍ਰਿਸਬਨ ’ਚ ਰੈਸਟੋਰੈਂਟ ਤੇ ਕੈਫ਼ੇ ਕਾਮਿਆਂ ਤੋਂ ਵਾਂਝੇ


ਹਰਜੀਤ ਲਸਾੜਾ

ਬ੍ਰਿਸਬਨ, 5 ਜਨਵਰੀ

ਆਸਟਰੇਲੀਆ ਵਿਚ ਰੈਸਟੋਰੈਂਟ ਤੇ ਕੈਫੇ ਮਾਲਕ ਹੁਨਰਮੰਦ ਕਾਮਿਆਂ ਅਤੇ ਖ਼ਾਸ ਕਰਕੇ ਕੌਮਾਂਤਰੀ ਵਿਦਿਆਰਥੀਆਂ ਤੋਂ ਬਿਨਾਂ ਆਮ ਕਰਮਚਾਰੀਆਂ ਲਈ ਸੰਘਰਸ਼ ਕਰ ਰਹੇ ਹਨ। ਦੇਸ਼ ਦੇ ਹੋਰਨਾਂ ਰਾਜਾਂ ਵਾਂਗ ਸੂਬਾ ਕੁਈਨਜ਼ਲੈਂਡ ਦਾ ਬ੍ਰਿਸਬਨ ਸ਼ਹਿਰ ਵੀ ਰੈਸਟੋਰੈਂਟਾਂ ਨਾਲ ਭਰਿਆ ਹੋਇਆ ਹੈ। ਇੱਥੋਂ ਦੇ ਰੈਸਟੋਰੈਂਟ ਮਾਲਕਾਂ ਦਾ ਮੰਨਣਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਕਮੀ ਕਾਰਨ ਕਾਰੋਬਾਰਾਂ ਨੂੰ ਹੋਰ ਵੀ ਲੰਮੇ ਸਮੇਂ ਲਈ ਨੁਕਸਾਨ ਝੱਲਣਾ ਪੈ ਰਿਹਾ ਹੈ ਜਦਕਿ ਕਰੋਨਾ ਮਹਾਮਾਰੀ ਕਾਰਨ ਪਹਿਲਾਂ ਹੀ ਵਪਾਰ ਵਿਚ ਨੁਕਸਾਨ ਹੋ ਰਿਹਾ ਹੈ। ਸੰਨੀਬੈਂਕ ਚੈਂਬਰ ਆਫ਼ ਕਾਮਰਸ ਤੋਂ ਫਰਿਆ ਓਸਟੋਪੋਵਿਚ ਨੇ ਕਿਹਾ ਕਿ ਵਿਦਿਆਰਥੀਆਂ ਲਈ ਪੜ੍ਹਾਈ ਦੇ ਦੌਰਾਨ ਇਸ ਖੇਤਰ ਵਿੱਚ ਕੰਮ ਕਰਨਾ ਆਮ ਗੱਲ ਹੈ। ਪਰ ਜਦੋਂ ਤੋਂ ਕੋਵਿਡ-19 ਮਹਾਮਾਰੀ ਫੈਲੀ ਹੈ, ਤਕਰੀਬਨ 37,595 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੁਈਨਜ਼ਲੈਂਡ ਛੱਡ ਦਿੱਤਾ ਹੈ ਅਤੇ ਹੁਣ ਕਾਮਿਆਂ ਦੀ ਕਿੱਲਤ ਇਨ੍ਹਾਂ ਵਪਾਰਾਂ ਨੂੰ ਤਬਾਹ ਕਰ ਰਹੀ ਹੈ। ‘ਸਰਦਾਰ ਜੀ ਇੰਡੀਅਨ ਰੈਸਟੋਰੈਂਟ’ ਦੇ ਮਾਲਕ ਗੁਰਮੀਤ ਸਿੰਘ ਅਤੇ ਸਿਤਾਰ ਤੋਂ ਸੁਮਿਤ ਨੇ ਕਿਹਾ ਕਿ, ‘2020 ਵਿੱਚ ਇਹ ਧਿਆਨ ਦੇਣ ਯੋਗ ਨਹੀਂ ਸੀ ਕਿਉਂਕਿ ਰੈਸਟੋਰੈਂਟ ਕਾਫ਼ੀ ਸਮੇਂ ਲਈ ਬੰਦ ਹੋ ਗਏ ਸਨ, ਪਰ ਹੌਲੀ-ਹੌਲੀ ਸਟਾਫ਼ ਦੂਰ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਵਿਦਿਆਰਥੀਆਂ ਨੂੰ ਵਾਪਸ ਜਾਣਾ ਪਿਆ। ਹੁਣ ਕੰਮ ਤਾਂ ਹੈ ਪਰ ਕਾਮਿਆਂ ਦੀ ਕਮੀ ਹੈ।’ ਉਨ੍ਹਾਂ ਚਿੰਤਾ ਜਤਾਈ ਕਿ ਮੌਜੂਦਾ ਸਰਕਾਰੀ ਨੀਤੀਆਂ ਸਥਾਨਕ ਕਾਰੋਬਾਰਾਂ ਦੀ ਤੇਜ਼ੀ ਨਾਲ ਮਦਦ ਕਰਨ ‘ਚ ਅਸਫ਼ਲ ਹੋ ਰਹੀਆਂ ਹਨ। ਪੰਜਾਬੀ ਪੈਲੇਸ ਦੇ ਮਾਲਕ ਬੱਲੀ ਸਿੰਘ ਨੇ ਦੱਸਿਆ ਕਿ ਪਹਿਲਾਂ ਕੋਵਿਡ ਕਾਰਨ ਬਹੁਤ ਸਾਰੇ ਕਾਰੋਬਾਰ ਬੰਦ ਕਰਨੇ ਪਏ ਅਤੇ ਹੁਣ ਸਟਾਫ਼ ਦੀ ਵੱਡੀ ਘਾਟ ਦੇ ਚੱਲਦਿਆਂ ਪਿਛਲੇ ਦੋ ਸਾਲਾਂ ਤੋਂ ਅਸਾਮੀਆਂ ਖਾਲੀ ਪਈਆਂ ਹਨ। ਇੰਡੀਅਨ ਬ੍ਰਦਰਜ਼ ਦੇ ਮਾਲਕ ਰਾਜ ਸਿੰਘ ਭਿੰਦਰ ਨੇ ਦੱਸਿਆ ਕਿ ਕਾਮਿਆਂ ਦੀ ਘਾਟ ਦੇ ਚੱਲਦਿਆਂ ਉਨ੍ਹਾਂ ਦੇ ਪੰਜਾਂ ‘ਚੋਂ ਦੋ ਰੈਸਟੋਰੈਂਟ, ਇੱਕ ਫੂਡ ਟਰੱਕ ਅਤੇ ਕੇਟਰਿੰਗ ਦਾ ਕੰਮ ਠੱਪ ਪਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਨਿਯਮਾਂ ‘ਚ ਪਾੜ੍ਹਿਆਂ ਨੂੰ ਪੱਕੇ ਹੋਣ ਲਈ ਤਿੰਨ ਸਾਲਾ ਦਾ ਤਜਰਬਾ ਅਤੇ ਆਈਲੈਟਸ ‘ਚ ਸੱਤ ਬੈਂਡ ਜ਼ਰੂਰੀ ਹਨ।



Source link