ਸਿਓਲ: ਉੱਤਰੀ ਕੋਰੀਆ ਨੇ ਹਾਈਪਰਸੋਨਿਕ ਮਿਜ਼ਾਈਲ ਦਾ ਦੂਜਾ ਸਫ਼ਲ ਪ੍ਰੀਖਣ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਰਾਸ਼ਟਰਪਤੀ ਕਿਮ ਜੋਂਗ ਉਨ ਨੇ ਕੋਵਿਡ ਮਹਾਮਾਰੀ ਦੌਰਾਨ ਫ਼ੌਜੀ ਤਾਕਤ ਵਧਾਉਣ ਦਾ ਅਹਿਦ ਲਿਆ ਸੀ। ਪਿਛਲੇ ਦੋ ਮਹੀਨਿਆਂ ‘ਚ ਉੱਤਰੀ ਕੋਰੀਆ ਨੇ ਇਹ ਪਹਿਲਾ ਪ੍ਰੀਖਣ ਕੀਤਾ ਹੈ। ਇਸ ਤੋਂ ਸੰਕੇਤ ਮਿਲਦੇ ਹਨ ਕਿ ਮੁਲਕ ਆਪਣੇ ਪਰਮਾਣੂ ਅਤੇ ਮਿਜ਼ਾਈਲ ਭੰਡਾਰ ਦੇ ਆਧੁਨਿਕੀਕਰਨ ਦੀ ਯੋਜਨਾ ‘ਤੇ ਜ਼ੋਰ ਦੇਵੇਗਾ। ਕੋਰਿਆਈ ਸਮਾਚਾਰ ਏਜੰਸੀ ਨੇ ਕਿਹਾ ਕਿ ਹੁਕਮਰਾਨ ‘ਵਰਕਰਜ਼ ਪਾਰਟੀ’ ਨੇ ਮਿਜ਼ਾਈਲ ਪ੍ਰੀਖਣ ‘ਤੇ ਤਸੱਲੀ ਜ਼ਾਹਰ ਕੀਤੀ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉੱਤਰੀ ਕੋਰੀਆ ਕਿੰਨੀ ਛੇਤੀ ਅਜਿਹੀਆਂ ਮਿਜ਼ਾਈਲਾਂ ਦਾ ਨਿਰਮਾਣ ਕਰੇਗਾ ਪਰ ਇਹ ਹਥਿਆਰ ਉਨ੍ਹਾਂ ਗੁੰਝਲਦਾਰ ਫ਼ੌਜੀ ਉਪਕਰਨਾਂ ‘ਚੋਂ ਇਕ ਹੈ ਜਿਸ ਦਾ ਕਿਮ ਨੇ ਪਿਛਲੇ ਸਾਲ ਖ਼ੁਲਾਸਾ ਕੀਤਾ ਸੀ। ਜਾਣਕਾਰੀ ਮੁਤਾਬਕ ਮਿਜ਼ਾਈਲ ਨੇ 700 ਕਿਲੋਮੀਟਰ ਦੂਰ ਜਾ ਕੇ ਨਿਸ਼ਾਨੇ ਨੂੰ ਫੁੰਡਿਆ। ਲਾਂਚਿੰਗ ਦੀਆਂ ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਸਤੰਬਰ ‘ਚ ਦਾਗ਼ੀ ਗਈ ਮਿਜ਼ਾਈਲ ਤੋਂ ਇਹ ਕੁਝ ਵੱਖਰੀ ਹੈ। -ਏਪੀ