ਨਵੀਂ ਦਿੱਲੀ, 8 ਜਨਵਰੀ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨਿਚਰਵਾਰ ਨੂੰ ਆਨਲਾਈਨ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਦੇਸ਼ ਵਿੱਚ 100 ਨਵੇਂ ਸੈਨਿਕ ਸਕੂਲ ਖੋਲ੍ਹਣ ਦੇ ਫੈਸਲੇ ਨਾਲ ਲੜਕੀਆਂ ਨੂੰ ਫੌਜ ਵਿੱਚ ਨਿਯੁਕਤੀਆਂ ਲਈ ਮੌਕਾ ਮਿਲੇਗਾ ਤੇ ਉਹ ਦੇਸ਼ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾ ਸਕਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਨਸ਼ਾ ਹੈ ਕਿ ਫੌਜ ਵਿੱਚ ਲੜਕੀਆਂ ਦੀ ਸ਼ਮੂਲੀਅਤ ਵਧਾਈ ਜਾਵੇ ਤੇ ਇਸ ਮੰਤਵ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਇਨ੍ਹਾਂ ਕਦਮਾਂ ਵਿੱਚ ਸੈਨਿਕ ਸਕੂਲਾਂ ਵਿੱਚ ਲੜਕੀਆਂ ਦੇ ਦਾਖਲੇ ਲਈ ਰਾਹ ਪੱਧਰਾ ਕਰਨਾ ਅਤੇ ਮਹਿਲਾ ਫੌਜੀ ਅਧਿਕਾਰੀਆਂ ਦੀ ਫੌਜ ਵਿੱਚ ਸਥਾਈ ਕਮਿਸ਼ਨ ਦੇਣਾ ਆਦਿ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਬੀਤੇ ਅਕਤੂਬਰ ਮਹੀਨੇ ਕੇਂਦਰੀ ਕੈਬਿਨਟ ਨੇ ਅਕਾਦਮਿਕ ਵਰ੍ਹਾ 2022-23 ਤੋਂ 100 ਸਕੂਲਾਂ (ਪ੍ਰਾਈਵੇਟ ਤੇ ਸਰਕਾਰੀ) ਨੂੰ ਸੈਨਿਕ ਸਕੂਲ ਸੁਸਾਇਟੀ ਤੋਂ ਮਾਨਤਾ ਦਿਵਾਉਣ ਸਬੰਧੀ ਪ੍ਰਵਾਨਗੀ ਦਿੱਤੀ ਸੀ। ਸੈਨਿਕ ਸਕੂਲ ਸੁਸਾਇਟੀ ਰੱਖਿਆ ਮੰਤਰਾਲੇ ਅਧੀਨ ਕੰਮ ਕਰਦੀ ਹੈ। -ਪੀਟੀਆਈ