ਅਮਰੀਕਾ ’ਚ ਸਿੱਖ ਟੈਕਸੀ ਡਰਾਈਵਰ ਦੀ ਕੁੱਟਮਾਰ


ਨਿਊ ਯਾਰਕ, 8 ਜਨਵਰੀ

ਅਮਰੀਕਾ ਵਿਚ ਨਸਲੀ ਨਫ਼ਰਤ ਦੇ ਇਕ ਹੋਰ ਸ਼ੱਕੀ ਮਾਮਲੇ ‘ਚ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ਦੀ ਕੁੱਟਮਾਰ ਕੀਤੀ ਗਈ ਹੈ। ਇਕ ਅਣਪਛਾਤੇ ਵਿਅਕਤੀ ਨੇ ਸਿੱਖ ਡਰਾਈਵਰ ਦੀ ਦਸਤਾਰ ਉਤਾਰ ਦਿੱਤੀ ਤੇ ਗਾਲਾਂ ਵੀ ਕੱਢੀਆਂ। ਇਹ ਘਟਨਾ ਜੇਐਫਕੇ ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਵਾਪਰੀ ਹੈ। ਘਟਨਾ ਦੀ ਇਕ ਵੀਡੀਓ ਨਵਜੋਤ ਪਾਲ ਕੌਰ ਨੇ ਟਵਿੱਟਰ ਉਤੇ 4 ਜਨਵਰੀ ਨੂੰ ਸਾਂਝੀ ਕੀਤੀ ਸੀ। ਇਸ ਵਿਚ ਹਵਾਈ ਅੱਡੇ ਦੇ ਬਾਹਰ ਇਕ ਵਿਅਕਤੀ ਸਿੱਖ ਡਰਾਈਵਰ ਨਾਲ ਕੁੱਟਮਾਰ ਕਰ ਰਿਹਾ ਹੈ। ਨਵਜੋਤ ਨੇ ਕਿਹਾ ਕਿ ਵੀਡੀਓ ਹਵਾਈ ਅੱਡੇ ਦੇ ਬਾਹਰ ਖੜ੍ਹੇ ਇਕ ਵਿਅਕਤੀ ਨੇ ਬਣਾਈ ਸੀ। ਹਮਲਾਵਰ ਨੇ ਡਰਾਈਵਰ ਨੂੰ ਕਈ ਵਾਰ ਧੱਕੇ ਤੇ ਮੁੱਕੇ ਮਾਰੇ ਅਤੇ ਉਸ ਦੀ ਦਸਤਾਰ ਉਤਾਰ ਦਿੱਤੀ। ਨਵਜੋਤ ਕੌਰ ਨੇ ਟਵੀਟ ਕੀਤਾ, ‘ਮੈਂ ਇਸ ਵੀਡੀਓ ਲਈ ਦਾਅਵਾ ਨਹੀਂ ਕਰਦੀ, ਪਰ ਮੈਂ ਇਹ ਉਭਾਰਨਾ ਚਾਹੁੰਦੀ ਹਾਂ ਕਿ ਨਫ਼ਰਤ ਸਾਡੇ ਸਮਾਜ ਵਿਚ ਹਾਲੇ ਵੀ ਕਾਇਮ ਹੈ ਤੇ ਇਹ ਮੰਦਭਾਗਾ ਹੈ ਕਿ ਮੈਂ ਕਈ ਵਾਰ ਸਿੱਖ ਕੈਬ ਡਰਾਈਵਰਾਂ ਨਾਲ ਕੁੱਟਮਾਰ ਹੁੰਦੀ ਦੇਖੀ ਹੈ।’ ਡਰਾਈਵਰ ਤੇ ਇਸ ਘਟਨਾ ਬਾਰੇ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ। ਭਾਈਚਾਰੇ ਦੇ ਮੈਂਬਰਾਂ ਨੇ ਇਸ ਘਟਨਾ ‘ਤੇ ਖੁੱਲ੍ਹ ਕੇ ਰੋਸ ਜ਼ਾਹਿਰ ਕੀਤਾ ਹੈ। 2019 ਵਿਚ ਭਾਰਤੀ ਮੂਲ ਦੇ ਇਕ ਸਿੱਖ ਊਬਰ ਡਰਾਈਵਰ ਦੀ ਵਾਸ਼ਿੰਗਟਨ ਵਿਚ ਕੁੱਟਮਾਰ ਕੀਤੀ ਗਈ ਸੀ। ਡਰਾਈਵਰ ਨੇ ਪੁਲੀਸ ਨੂੰ ਬਿਆਨ ਦਿੱਤਾ ਸੀ ਕਿ ਇਹ ਨਫ਼ਰਤੀ ਅਪਰਾਧ ਸੀ ਤੇ ਉਸ ਨੂੰ ਉਸ ਦੀ ਵੱਖਰੀ ਪਛਾਣ ਕਾਰਨ ਨਿਸ਼ਾਨਾ ਬਣਾਇਆ ਗਿਆ। -ਪੀਟੀਆਈSource link