ਯੂਕਰੇਨ ਵਿਵਾਦ: ਅਮਰੀਕਾ ਤੇ ਰੂਸ ਦੀ ਮੀਟਿੰਗ ਅੱਜ


ਵਾਸ਼ਿੰਗਟਨ, 9 ਜਨਵਰੀ

ਅਮਰੀਕਾ ਨੇ ਯੂਕਰੇਨ ਮਾਮਲੇ ‘ਤੇ ਰੂਸ ਨੂੰ ਮੁੜ ਚਿਤਾਵਨੀ ਦਿੱਤੀ ਹੈ। ਬਾਇਡਨ ਪ੍ਰਸ਼ਾਸਨ ਨੇ ਕਿਹਾ ਕਿ ਜੇ ਰੂਸ ਯੂਕਰੇਨ ਵਿਚ ਦਾਖਲ ਹੋਇਆ ਤਾਂ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਜਾਣਗੀਆਂ। ਅਮਰੀਕੀ ਅਧਿਕਾਰੀਆਂ ਨੇ ਯੂਰੋਪ ਵਿਚ ਮੁਲਕ ਦੇ ਭਵਿੱਖੀ ਰਣਨੀਤਕ ਪੈਂਤੜੇ ਵਿਚ ਬਦਲਾਅ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ। ਅਮਰੀਕਾ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਰੂਸ ਨਾਲ ਗੱਲਬਾਤ ਲਈ ਤਿਆਰ ਹੈ।

ਜ਼ਿਕਰਯੋਗ ਹੈ ਕਿ ਰੂਸ ਯੂਕਰੇਨ ਵਿਚ ਮਾਰੂ ਮਿਜ਼ਾਈਲਾਂ ਦੀ ਗਿਣਤੀ ਘਟਾਉਣ ਤੇ ਪੂਰਬੀ ਯੂਰੋਪ ਵਿਚ ਅਮਰੀਕਾ ਅਤੇ ਨਾਟੋ ਦੀ ਫ਼ੌਜੀ ਗਤੀਵਿਧੀ ਘਟਾਉਣ ਦੀ ਵੀ ਮੰਗ ਕਰ ਰਿਹਾ ਹੈ। ਅਮਰੀਕਾ ਨੇ ਕਿਹਾ ਹੈ ਕਿ ਰੂਸੀ ਇਕਾਈਆਂ ਉਤੇ ਸਿੱਧੀ ਪਾਬੰਦੀ ਦੇ ਨਾਲ-ਨਾਲ ਅਮਰੀਕਾ ਤੋਂ ਰੂਸ ਨੂੰ ਵਸਤਾਂ ਬਰਾਮਦ ਕਰਨ ਉਤੇ ਵੀ ਪਾਬੰਦੀਆਂ ਲਾ ਦਿੱਤੀਆਂ ਜਾਣਗੀਆਂ। ਦੱਸਣਯੋਗ ਹੈ ਕਿ ਅਮਰੀਕਾ ਤੇ ਰੂਸ ਦੇ ਸੀਨੀਅਰ ਅਧਿਕਾਰੀ ਯੂਕਰੇਨ ਦੇ ਮੁੱਦੇ ਉਤੇ ਵਧੀ ਖਿੱਚੋਤਾਣ ਦਰਮਿਆਨ ਭਲਕੇ ਸਵਿਟਜ਼ਰਲੈਂਡ ਵਿਚ ਮਿਲ ਰਹੇ ਹਨ।

ਅਮਰੀਕਾ ਨੇ ਗੱਲਬਾਤ ਤੋਂ ਪਹਿਲਾਂ ਕਿਹਾ ਹੈ ਕਿ ਰੂਸ ਨੂੰ ਪਿੱਛੇ ਹਟਣਾ ਪਏਗਾ ਤੇ ਉਹ ਯੂਕਰੇਨ ਲਈ ਖ਼ਤਰਾ ਨਹੀਂ ਬਣੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਫ਼ੈਸਲਾ ਨਾਟੋ ਤੇ ਯੂਕਰੇਨ ਦੀ ਸਹਿਮਤੀ ਬਿਨਾਂ ਨਹੀਂ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਰੂਸ ਨੇ ਯੂਕਰੇਨ ਦੀ ਸਰਹੱਦ ਉਤੇ ਫ਼ੌਜ ਜਮ੍ਹਾਂ ਕੀਤੀ ਹੋਈ ਹੈ। ਜੇਕਰ ਰੂਸ ਉਤੇ ਅਮਰੀਕਾ ਪਾਬੰਦੀ ਲਾਉਂਦਾ ਹੈ ਤਾਂ ਰੂਸ ਨੂੰ ਇੰਟੇਗ੍ਰੇਟਡ ਸਰਕਟ (ਆਈਸੀ) ਤੇ ਆਈਸੀ ਵਾਲੇ ਪ੍ਰੋਡਕਟ ਨਹੀਂ ਮਿਲਣਗੇ। ਅਮਰੀਕਾ ਇਸ ਤਕਨੀਕੀ ਖੇਤਰ ਵਿਚ ਮੋਹਰੀ ਹੈ। ਇਸ ਨਾਲ ਰੂਸ ਵਿਚ ਏਅਰਕ੍ਰਾਫਟ ਐਵੀਓਨਿਕਸ, ਮਸ਼ੀਨ ਟੂਲਜ਼, ਸਮਾਰਟਫੋਨ, ਗੇਮ ਕੰਸੋਲ, ਟੈਬਲੈੱਟ ਤੇ ਟੀਵੀ ਖੇਤਰ ਪ੍ਰਭਾਵਿਤ ਹੋਵੇਗਾ। -ਏਪੀSource link