ਪੇਈਚਿੰਗ: ਚੀਨ ਨੇ ਅੱਜ ਕਿਹਾ ਕਿ ਮੌਜੂਦਾ ਸਮੇਂ ਭਾਰਤ ਨਾਲ ਲਗਦੇ ਸਰਹੱਦੀ ਇਲਾਕਿਆਂ ਵਿੱਚ ਹਾਲਾਤ ‘ਸਥਿਰ’ ਹਨ ਤੇ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੇ ਖੇਤਰਾਂ ‘ਚੋਂ ਫੌਜਾਂ ਪਿੱਛੇ ਹਟਾਉਣ ਦੇ ਅਮਲ ਨੂੰ ਲੈ ਕੇ ਭਾਰਤ ਨਾਲ 14ਵੇਂ ਗੇੜ ਦੀ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਭਲਕੇ ਬੁੱਧਵਾਰ ਨੂੰ ਹੋਵੇਗੀ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੈੱਨਬਿਨ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਅਜੇ ਇਕ ਦਿਨ ਪਹਿਲਾਂ ਨਵੀਂ ਦਿੱਲੀ ਵਿੱਚ ਸੁਰੱਖਿਆ ਮੰਤਰਾਲੇ ਵਿਚਲੇ ਸੂਤਰਾਂ ਨੇ ਕਿਹਾ ਸੀ ਕਿ ਭਾਰਤ ਚੀਨ ਨਾਲ ‘ਉਸਾਰੂ’ ਸੰਵਾਦ ਜ਼ਰੀਏ ਪੂਰਬੀ ਲੱਦਾਖ ‘ਚ ਟਕਰਾਅ ਵਾਲੇ ਖੇਤਰਾਂ ‘ਚ ਮਸਲੇ ਹੱਲ ਕਰਨ ਦਾ ਖਾਹਿਸ਼ਮੰਦ ਹੈ। ਦੋਵਾਂ ਮੁਲਕਾਂ ਵਿਚਾਲੇ ਪਿਛਲੇ 20 ਮਹੀਨਿਆਂ ਤੋਂ ਬਣੀ ਖੜੋਤ ਦਰਮਿਆਨ ਹੁਣ ਤੱਕ 13 ਗੇੜ ਦੀ ਫੌਜੀ ਪੱਧਰ ਦੀ ਗੱਲਬਾਤ ਹੋ ਚੁੱਕੀ ਹੈ।
ਬੁੱਧਵਾਰ ਲਈ ਤਜਵੀਜ਼ਤ ਮੀਟਿੰਗ ਤੋਂ ਲਾਈਆਂ ਆਸਾਂ ਉਮੀਦਾਂ ਬਾਰੇ ਪੁੱਛਣ ‘ਤੇ ਵੈਂਗ ਨੇ ਕਿਹਾ, ”ਜਿਵੇਂ ਕਿ ਦੋਵਾਂ ਧਿਰਾਂ ਨੇੇ ਸਹਿਮਤੀ ਦਿੱਤੀ ਹੈ, ਚੀਨ ਤੇ ਭਾਰਤ 12 ਜਨਵਰੀ ਨੂੰ ਚੀਨ ਵਾਲੇ ਪਾਸੇ ਮੋਲਡੋ ਵਿੱਚ 14ਵੀਂ ਕਮਾਂਡਰ ਪੱਧਰ ਦੀ ਮੀਟਿੰਗ ਕਰਨਗੇ।” ਵੈਂਗ ਨੇ ਕਿਹਾ, ”ਮੌਜੂਦਾ ਸਮੇਂ ਸਰਹੱਦੀ ਖੇਤਰਾਂ ਵਿੱਚ ਹਾਲਾਤ ਕੁੱਲ ਮਿਲਾ ਕੇ ਸਥਿਰ ਹਨ ਅਤੇ ਦੋਵੇਂ ਧਿਰਾਂ ਸਫ਼ਾਰਤੀ ਤੇ ਫੌਜੀ ਚੈਨਲਾਂ ਜ਼ਰੀਏ ਸੰਵਾਦ ਦੇ ਰਾਹ ਪਈਆਂ ਹੋਈਆਂ ਹਨ।” ਵੈਂਗ ਨੇ ਆਸ ਜਤਾਈ ਕਿ ਭਾਰਤ ਹਾਲਾਤ ਨੂੰ ਐਮਰਜੈਂਸੀ ਮੋਡ ਤੋਂ ਨਿਯਮਤ ਗੱਲਬਾਤ ਵਿੱਚ ਤਬਦੀਲ ਕਰਨ ‘ਚ ਮਦਦਗਾਰ ਹੋਵੇਗਾ। ਉਧਰ ਨਵੀਂ ਦਿੱਲੀ ਬੈਠੇ ਸੂਤਰਾਂ ਮੁਤਾਬਕ ‘ਸਿਖਰਲੇ ਫੌਜੀ ਕਮਾਂਡਰਾਂ ਦੇ ਪੱਧਰ’ ਦੀ ਇਹ ਗੱਲਬਾਤ 12 ਜਨਵਰੀ ਨੂੰ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ ਦੇ ਨਾਲ ਚੀਨ ਵਾਲੇ ਪਾਸੇ ਚੁਸ਼ੂਲ-ਮੋਲਡੋ ਮੀਟਿੰਗ ਪੁਆਇੰਟ ‘ਤੇ ਹੋਵੇਗੀ। ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਦਰਮਿਆਨ 13ਵੇਂ ਗੇੜ ਦੀ ਗੱਲਬਾਤ ਪਿਛਲੇ ਸਾਲ 10 ਅਕਤੂਬਰ ਨੂੰ ਹੋਈ ਸੀ। ਭਾਰਤ ਤੇ ਚੀਨ ਨੇ 18 ਨਵੰਬਰ ਨੂੰ ਹੋਈ ਵਰਚੁਅਲ ਸਫ਼ਾਰਤੀ ਗੱਲਬਾਤ ਦੌਰਾਨ 14ਵੇਂ ਗੇੜ ਦੀ ਫੌਜੀ ਪੱਧਰ ਦੀ ਗੱਲਬਾਤ ਲਈ ਸਹਿਮਤੀ ਦਿੱਤੀ ਸੀ। -ਪੀਟੀਆਈ