ਭਾਰਤ ਵੱਲੋਂ ਰੂਸ ਦੀ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਦੇ ਪੱਖ ’ਚ ਨਹੀਂ ਅਮਰੀਕਾ


ਵਾਸ਼ਿੰਗਟਨ, 13 ਜਨਵਰੀ

ਅਮਰੀਕਾ ਨੇ ਭਾਰਤ ਨੂੰ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਉਹ ਨਹੀਂ ਚਾਹੁੰਦਾ ਕਿ ਭਾਰਤ, ਰੂਸ ਕੋਲੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦੇ ਪਰ ਰਾਸ਼ਟਰਪਤੀ ਵੱਲੋਂ ਨਵੀਂ ਦਿੱਲੀ ਨੂੰ ਕਾਤਸਾ ਤੋਂ ਛੋਟ ਦੇਣ ਦੀ ਵਧਦੀ ਮੰਗ ‘ਤੇ ਵਾਸ਼ਿੰਗਟਨ ਨੂੰ ”ਮਹੱਤਵਪੂਰਨ ਭੂ-ਰਣਨੀਤਕ ਹਾਲਾਤ’ ਨੂੰ ਧਿਆਨ ਵਿਚ ਰੱਖਣਾ ਹੋਵੇਗਾ। ਇਹ ਗੱਲ ‘ਕੋਆਰਡੀਨੇਟਰ ਫਾਰ ਸੈਂਕਸ਼ਨਜ਼ ਪਾਲਿਸੀ’ ਲਈ ਰਾਸ਼ਟਰਪਤੀ ਜੋਅ ਬਾਇਡਨ ਦੇ ਨੁਮਾਇੰਦੇ ਜੇਮਜ਼ ਓ’ਬਰਾਇਨ ਨੇ ਸੈਨੇਟਰਾਂ ਨੂੰ ਕਹੀ ਹੈ।

ਭਾਰਤ ਨੇ ਅਕਤੂਬਰ 2018 ਵਿਚ ਰੂਸ ਨਾਲ ਪੰਜ ਅਰਬ ਡਾਲਰ ਵਿਚ ਐੱਸ-400 ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਦੀਆਂ ਪੰਜ ਇਕਾਈਆਂ ਖਰੀਦਣ ਦਾ ਸਮਝੌਤਾ ਕੀਤਾ ਸੀ, ਜਦਕਿ ਟਰੰਪ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਸ ਸਮਝੌਤੇ ਨੂੰ ਅਮਲ ਵਿਚ ਲਿਆਂਦਾ ਜਾਂਦਾ ਹੈ ਤਾਂ ਅਮਰੀਕਾ ਪਾਬੰਦੀ ਲਗਾ ਸਕਦਾ ਹੈ। ਬਾਈਡਨ ਪ੍ਰਸ਼ਾਸਨ ਨੇ ਹੁਣ ਤੱਕ ਸਪੱਸ਼ਟ ਨਹੀਂ ਕੀਤਾ ਹੈ ਕਿ ਕੀ ਉਹ ਐੱਸ-400 ਮਿਜ਼ਾਈਲ ਖਰੀਦਣ ਲਈ ਭਾਰਤ ‘ਤੇ ਕਾਊਂਟਰਿੰਗ ਅਮਰੀਕਾ’ਜ਼ ਐਡਵਰਸਰੀਜ਼ ਥ੍ਰੂ ਸੈਂਕਸ਼ਨਜ਼ ਐਕਟ (ਕਾਤਸਾ) ਤਹਿਤ ਪਾਬੰਦੀਆਂ ਲਗਾਏਗਾ ਜਾਂ ਨਹੀਂ। ਕਾਤਸਾ ਇਕ ਸਖ਼ਤ ਅਮਰੀਕੀ ਕਾਨੂੰਨ ਹੈ ਜੋ 2017 ਵਿਚ ਬਣਿਆ ਸੀ ਅਤੇ ਇਸ ਤਹਿਤ ਅਮਰੀਕੀ ਪ੍ਰਸ਼ਾਸਨ ਕੋਲ ਉਨ੍ਹਾਂ ਦੇਸ਼ਾਂ ‘ਤੇ ਪਾਬੰਦੀਆਂ ਲਗਾਉਣ ਦਾ ਅਧਿਕਾਰ ਹੈ ਜੋ ਰੂਸ ਕੋਲੋਂ ਵੱਡਾ ਫ਼ੌਜੀ ਸਾਮਾਨ ਖਰੀਦਦੇ ਹਨ।

ਉੱਧਰ, ਰਿਪਬਲੀਕਨ ਪਾਰਟੀ ਦੇ ਇਕ ਸੀਨੀਅਰ ਸੈਨੇਟਰ ਨੇ ਰੂਸ ਕੋਲੋਂ ਐੱਸ-400 ਸਿਸਟਮ ਦੀ ਖਰੀਦ ਲਈ ਭਾਰਤ ਨੂੰ ਕਾਤਸਾ ਤਹਿਤ ਪਾਬੰਦੀਆਂ ਵਿਚ ਛੋਟ ਦੇਣ ਦਾ ਸਮਰਥਨ ਕੀਤਾ।

ਸੈਨੇਟਰ ਟੌਡ ਯੰਗ ਨੇ ਕਿਹਾ, ”ਚੀਨ ਖ਼ਿਲਾਫ਼ ਭਾਰਤ ਇਕ ਅਹਿਮ ਸਹਿਯੋਗੀ ਹੈ ਅਤੇ ਇਸ ਵਾਸਤੇ ਮੇਰਾ ਮੰਨਣਾ ਹੈ ਕਿ ਸਾਨੂੰ ਅਜਿਹੀ ਕਿਸੇ ਵੀ ਕਾਰਵਾਈ ਦਾ ਵਿਰੋਧ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਸਾਡੇ ਅਤੇ ਕੁਆਡ ਤੋਂ ਦੂਰ ਕਰ ਸਕਦੀ ਹੈ। ਇਸ ਵਾਸਤੇ ਸਾਡੇ ਸਾਂਝੇ ਵਿਦੇਸ਼ ਨੀਤੀਗਤ ਹਿੱਤ ਨੂੰ ਦੇਖਦੇ ਹੋਏ ਮੈਂ ਭਾਰਤ ਖ਼ਿਲਾਫ਼ ਕਾਤਸਾ ਪਾਬੰਦੀਆਂ ਵਿਚ ਛੋਟ ਦੇਣ ਦਾ ਪੁਰਜ਼ੋਰ ਸਮਰਥਨ ਕਰਦਾ ਹਾਂ।” -ਏਪੀSource link