ਆਸਟਰੇਲੀਆ: ਕੌਮਾਂਤਰੀ ਵਿਦਿਆਰਥੀਆਂ ਨੂੰ ਵਧੇਰੇ ਸਮਾਂ ਕੰਮ ਕਰਨ ਦੀ ਇਜਾਜ਼ਤ ਮਿਲੀ


ਹਰਜੀਤ ਲਸਾੜਾ
ਬ੍ਰਿਸਬਨ, 14 ਜਨਵਰੀ

ਦੇਸ਼ ਦੀ ਕੈਬਨਿਟ ਨੇ ਕੋਵਿਡ-19 ਅਤੇ ਇਸ ਦੇ ਨਵੇਂ ਸਰੂਪ ਓਮੀਕਰੋਨ ਦੇ ਪ੍ਰਕੋਪ ਕਾਰਨ ਸਨਅਤ ਅਤੇ ਉਦਯੋਗਾਂ ਦੀ ਸਪਲਾਈ ਚੇਨ ਵਿਚ ਵਰਕਰਾਂ ਦੀ ਘਾਟ ਤੋਂ ਨਜਿੱਠਣ ਲਈ ਕੌਮਾਂਤਰੀ ਵਿਦਿਆਰਥੀਆਂ ਨੂੰ ਜ਼ਿਆਦਾ ਘੰਟੇ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਨਵੇਂ ਨਿਰਦੇਸ਼ਾਂ ਅਨੁਸਾਰ ਫੈਡਰਲ ਸਰਕਾਰ ਨੇ ਵੀਜ਼ਾ ਧਾਰਕਾਂ ‘ਤੇ 40 ਘੰਟੇ ਪ੍ਰਤੀ ਪੰਦਰਵਾੜਾ ਕੰਮ ਕਰਨ ਦੀ ਸ਼ਰਤ ਹਟਾ ਦਿੱਤੀ ਹੈ। ਸਰਕਾਰ ਦੇ ਇਸ ਅਹਿਮ ਫ਼ੈਸਲੇ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਆਸਟਰੇਲੀਆ ਵਾਪਸ ਜਾਣ ਲਈ ਉਤਸ਼ਾਹਿਤ ਕੀਤਾ ਹੈ ਅਤੇ ਬੈਕਪੈਕਰਾਂ ਨੂੰ ਵੀ ਕੰਮਕਾਜੀ ਛੁੱਟੀਆਂ ਵਾਲੇ ਵੀਜ਼ੇ ਤਹਿਤ ਦੇਸ਼ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਹੈ, ਪਰ ਇਸ ਸ਼ਰਤ ‘ਤੇ ਕਿ ਉਨ੍ਹਾਂ ਨੇ ਪੂਰਾ ਟੀਕਾਕਰਨ ਕਰਵਾਇਆ ਹੋਵੇ। ਕੌਂਸਲ ਆਫ ਇੰਟਰਨੈਸ਼ਨਲ ਸਟੂਡੈਂਟਸ ਆਸਟਰੇਲੀਆ (ਸੀਆਈਐੱਸਏ) ਦੇ ਪ੍ਰਧਾਨ ਆਸਕਰ ਜ਼ੀ ਸ਼ਾਓ ਓਂਗ ਨੇ ਕਿਹਾ ਕਿ ਕੌਮਾਂਤਰੀ ਵਿਦਿਆਰਥੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਉਨ੍ਹਾਂ ਨੂੰ ਚਿੰਤਾ ਹੈ ਕਿ ਇਸ ਨਾਲ ਕੌਮਾਂਤਰੀ ਵਿਦਿਆਰਥੀਆਂ ‘ਤੇ ਦਬਾਅ ਹੋਰ ਵਧੇਗਾ ਕਿਉਂਕਿ ਕੌਮਾਂਤਰੀ ਵਿਦਿਆਰਥੀ ਪਹਿਲਾਂ ਹੀ ਯੂਨੀਵਰਸਿਟੀਆਂ ਵਿੱਚ ਹਫ਼ਤੇ ‘ਚ ਲਗਪਗ 40 ਘੰਟੇ ਬਿਤਾਉਂਦੇ ਹਨ। ਇਸ ਦੌਰਾਨ ਉਹ ਲੈਕਚਰ ਲਾਉਣ ਤੋਂ ਇਲਾਵਾ ਟਿਊਟੋਰੀਅਲ ਅਤੇ ਅਸਾਈਨਮੈਂਟਾਂ ‘ਤੇ ਕੰਮ ਕਰਦੇ ਹਨ।

ਉੱਧਰ, ਫਿਊਲ ਰਿਟੇਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਕਾਮਿਆਂ ਦੀ ਪੂਰਤੀ ਤਹਿਤ ਉਦਯੋਗ ‘ਤੇ ਦਬਾਅ ਘਟੇਗਾ। ਉੱਧਰ ਗਰੀਨ ਪਾਰਟੀ ਤੋਂ ਉਮੀਦਵਾਰ ਰਹੇ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਬਿਆਨਾਂ ਤੋਂ ਇਲਾਵਾ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਰਹੇ ਇਨ੍ਹਾਂ ਮਿਹਨਤੀ ਕੌਮਾਂਤਰੀ ਪਾੜ੍ਹਿਆਂ ਲਈ ਦੇਸ਼ ਵਿਚ ਸਥਾਈ ਨਿਵਾਸ ਦਾ ਰਾਹ ਪੱਧਰਾ ਕਰਨਾ ਚਾਹੀਦਾ ਹੈ ਜੋ ਕਿ ਸਮੇਂ ਦੀ ਮੰਗ ਵੀ ਹੈ।



Source link