ਨਵੀਂ ਦਿੱਲੀ/ਦਾਵੋਸ, 17 ਜਨਵਰੀ
ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੇ ਅਰਬਪਤੀਆ ਦੀ ਕੁੱਲ ਸੰਪਤੀ ਵਧ ਕੇ ਦੁੱਗਣੀ ਨਾਲੋਂ ਵੀ ਵੱਧ ਹੋ ਗਈ ਅਤੇ ਦਸ ਸਭ ਤੋਂ ਅਮੀਰ ਲੋਕਾਂ ਦੀ ਸੰਪਤੀ 25 ਸਾਲ ਤੱਕ ਦੇਸ਼ ਦੇ ਹਰ ਬੱਚੇ ਨੂੰ ਸਕੂਲੀ ਸਿੱਖਿਆ ਤੇ ਉਚੇਰੀ ਸਿੱਖਿਆ ਦੇਣ ਲਈ ਕਾਫੀ ਹੈ। ਇਕ ਅਧਿਐਨ ਵਿਚ ਅੱਜ ਇਹ ਗੱਲ ਕਹੀ ਗਈ। ਅਧਿਐਨ ਮੁਤਾਬਕ ਇਸ ਦੌਰਾਨ ਭਾਰਤ ਵਿਚ ਅਰਬਪਤੀਆਂ ਦੀ ਗਿਣਤੀ 39 ਫ਼ੀਸਦ ਵਧ ਕੇ 142 ਹੋ ਗਈ। ਵੀਡੀਓ ਕਾਨਫਰੰਸ ਰਾਹੀਂ ਕਰਵਾਏ ਗਏ ਵਿਸ਼ਵ ਆਰਥਿਕ ਮੰਚ ਦੇ ਦਾਵੋਸ ਏਜੰਡਾ ਸੰਮੇਲਨ ਦੇ ਪਹਿਲੇ ਦਿਨ ਜਾਰੀ ਆਕਸਫੈਮ ਇੰਡੀਆ ਦੇ ਸਾਲਾਨਾ ਅਸਮਾਨਤਾ ਸਰਵੇਖਣ ਵਿਚ ਕਿਹਾ ਗਿਆ ਕਿ ਜੇਕਰ ਸਭ ਤੋਂ ਅਮੀਰ 10 ਫੀਸਦ ਲੋਕਾਂ ‘ਤੇ ਇਕ ਫੀਸਦ ਵਾਧੂ ਟੈਕਸ ਲਗਾ ਦਿੱਤਾ ਜਾਵੇ, ਤਾਂ ਦੇਸ਼ ਨੂੰ ਲਗਪਗ 17.7 ਲੱਖ ਵਾਧੂ ਆਕਸੀਜਨ ਸਿਲੰਡਰ ਮਿਲ ਸਕਦੇ ਹਨ। ਇਸ ਰਿਪੋਰਟ ਵਿਚ ਅੱਗੇ ਕਿਹਾ ਗਿਆ ਕਿ 142 ਭਾਰਤੀ ਅਰਬਪਤੀਆਂ ਕੋਲ ਕੁੱਲ 719 ਅਰਬ ਅਮਰੀਕੀ ਡਾਲਰ (53 ਲੱਖ ਕਰੋੜ ਰੁਪਏ ਤੋਂ ਜ਼ਿਆਦਾ) ਦੀ ਸੰਪਤੀ ਹੈ। ਦੇਸ਼ ਦੇ ਸਭ ਤੋਂ ਅਮੀਰ 98 ਲੋਕਾਂ ਦੀ ਸੰਪਤੀ, ਸਭ ਤੋਂ ਗਰੀਬ 55.5 ਕਰੋੜ ਲੋਕਾਂ ਦੀ ਕੁੱਲ ਸੰਪਤੀ ਦੇ ਬਰਾਬਰ ਹੈ। -ਪੀਟੀਆਈ