ਅਬੂ ਧਾਬੀ ਡਰੋਨ ਹਮਲਿਆਂ ਿਵੱਚ ਹਲਾਕ ਦੋ ਭਾਰਤੀਆਂ ਦੀ ਸ਼ਨਾਖਤ


ਦੁਬਈ, 18 ਜਨਵਰੀ

ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਲੰਘੇ ਦਿਨ ਅਬੂ ਧਾਬੀ ਦੇ ਕੌਮਾਂਤਰੀ ਹਵਾਈ ਅੱਡੇ ਤੇ ਤਿੰਨ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਡਰੋਨ ਹਮਲਿਆਂ ਵਿੱਚ ਮਾਰੇ ਗਏ ਦੋ ਭਾਰਤੀ ਨਾਗਰਿਕਾਂ ਦੀ ਪਛਾਣ ਹੋ ਗਈ ਹੈ। ਹਮਲੇ ਵਿੱਚ ਦੋ ਭਾਰਤੀਆਂ ਤੇ ਇਕ ਪਾਕਿ ਨਾਗਰਿਕ ਦੀ ਜਾਨ ਜਾਂਦੀ ਰਹੀ ਸੀ। ਭਾਰਤੀ ਅੰਬੈਸੀ ਨੇ ਕਿਹਾ ਕਿ ਹਮਲੇ ਦੇ 6 ਜ਼ਖ਼ਮੀਆਂ ਵਿੱਚ ਵੀ ਦੋ ਭਾਰਤੀ ਸ਼ਾਮਲ ਹਨ, ਜਿਨ੍ਹਾਂ ਨੂੰ ਮੈਡੀਕਲ ਇਲਾਜ ਮਗਰੋਂ ਸੋਮਵਾਰ ਰਾਤ ਨੂੰ ਹੀ ਛੁੱਟੀ ਦੇ ਦਿੱਤੀ ਗਈ ਸੀ।

ਅਬੂ ਧਾਬੀ ਸਥਿਤ ਭਾਰਤੀ ਅੰਬੈਸੀ ਨੇ ਕਿਹਾ ਕਿ ਮਾਰੇ ਗਏ ਦੋਵਾਂ ਨਾਗਰਿਕਾਂ ਦੀ ਪਛਾਣ ਹੋਣ ਮਗਰੋਂ ਅਧਿਕਾਰੀਆਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕੀਤਾ ਹੈ। ਮਿਸ਼ਨ ਵੱਲੋਂ ਪੀੜਤਾਂ ਦੀਆਂ ਮ੍ਰਿਤਕ ਦੇਹਾਂ ਵਾਪਸ ਭਾਰਤ ਭੇਜਣ ਲਈ ਯੂਏਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਅੰਬੈਸੀ ਨੇ ਹਾਲਾਂਕਿ ਅਜੇ ਤੱਕ ਦੋਵਾਂ ਭਾਰਤੀਆਂ ਦੀ ਪਛਾਣ ਨਸ਼ਰ ਨਹੀਂ ਕੀਤੀ ਹੈ। ਯੂਏਈ ਵਿੱਚ ਭਾਰਤ ਦੇ ਰਾਜਦੂਤ ਸੰਜੈ ਸੁਧੀਰ ਨੇ ਲੰਘੇ ਦਿਨ ਕਿਹਾ ਸੀ ਕਿ ਭਾਰਤ ਸਰਕਾਰ ਦੋਵਾਂ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਏਗੀ।

ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਖਾੜੀ ਮੁਲਕ ਦੇ ਵਿਦੇਸ਼ ਮੰਤਰੀ ਸ਼ੇਖ ਅਬਦੁਲ ਬਿਨ ਜ਼ਾਇਦ ਅਲ ਨਾਹਿਨ ਨਾਲ ਫੋਨ ‘ਤੇ ਕੀਤੀ ਗੱਲਬਾਤ ਦੌਰਾਨ ਯੂਏਈ ‘ਚ ਲੰਘੇ ਦਿਨ ਹੋਏ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ ਹੈ। ਜੈਸ਼ੰਕਰ ਨੇ ਕਿਹਾ ਕਿ ਅਤਿਵਾਦ ਖ਼ਿਲਾਫ਼ ਯੂਏਈ ਦੀ ਸਿਧਾਂਤਕ ਟੇਕ ਨੂੰ ਵੇਖਦਿਆਂ ਭਾਰਤ ਕੌਮਾਂਤਰੀ ਮੰਚ ‘ਤੇ ਉਸ ਨਾਲ ਖੜੇਗਾ। -ਪੀਟੀਆਈSource link