ਲਖ਼ਨਊ, 23 ਜਨਵਰੀ
ਦੋ ਵਾਰ ਦੀ ਉਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਅੱਜ ਇੱਥੇ ਮਾਲਵਿਕਾ ਬੰਸੋੜ ਨੂੰ ਸਿੱਧੀ ਗੇਮ ਵਿਚ ਮਾਤ ਦੇ ਕੇ ਸਈਅਦ ਮੋਦੀ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖਿਤਾਬ ਦੂਜੀ ਵਾਰ ਜਿੱਤ ਲਿਆ। ਕੋਵਿਡ ਦੇ ਕਈ ਮਾਮਲਿਆਂ ਕਾਰਨ ਕਈ ਚੋਟੀ ਦੇ ਖਿਡਾਰੀਆਂ ਦੀ ਗੈਰ-ਮੌਜੂਦਗੀ ਵਿਚ ਹੋ ਰਹੇ ਇਸ ਟੂਰਨਾਮੈਂਟ ਵਿਚ ਸਿਖ਼ਰਲਾ ਦਰਜਾ ਹਾਸਲ ਸਿੰਧੂ ਨੂੰ ਇਕਪਾਸੜ ਫਾਈਨਲ ਵਿਚ ਮਾਲਵਿਕਾ ਵਿਰੁੱਧ 21-13, 21-16 ਦੀ ਜਿੱਤ ਦੌਰਾਨ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਸਿੰਧੂ ਨੇ ਸਿਰਫ਼ 35 ਮਿੰਟ ਵਿਚ ਫਾਈਨਲ ਆਪਣੇ ਨਾਂ ਕਰ ਲਿਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਦਾ ਇਹ ਦੂਜਾ ਸਈਅਦ ਮੋਦੀ ਖਿਤਾਬ ਹੈ। ਇਸ ਤੋਂ ਪਹਿਲਾਂ ਉਨ੍ਹਾਂ 2017 ਵਿਚ ਵੀ ਖਿਤਾਬ ਜਿੱਤਿਆ ਸੀ। ਇਸ਼ਾਨ ਭਟਨਾਗਰ ਤੇ ਤਨੀਸ਼ਾ ਕ੍ਰਾਸਟੋ ਦੀ ਭਾਰਤੀ ਜੋੜੀ ਨੇ ਹਮਵਤਨ ਟੀ ਹੇਮਾ ਨਾਗੇਂਦਰ ਬਾਬੂ ਤੇ ਸ੍ਰੀਵੇਦਾ ਗੁਰਾਜਾਦਾ ਨੂੰ ਸਿੱਧੀ ਗੇਮ ਵਿਚ ਹਰਾ ਕੇ ਮਿਕਸਡ ਡਬਲਜ਼ ਦਾ ਖਿਤਾਬ ਆਪਣੇ ਨਾਂ ਕੀਤਾ। ਉਨ੍ਹਾਂ ਸਿਰਫ਼ 29 ਮਿੰਟ ਵਿਚ 21-16, 21-12 ਨਾਲ ਮੈਚ ਆਪਣੇ ਨਾਂ ਕੀਤਾ। -ਪੀਟੀਆਈ