ਆਤਿਸ਼ ਗੁਪਤਾ
ਚੰਡੀਗੜ੍ਹ, 25 ਜਨਵਰੀ
ਪੰਜਾਬ ਅਤੇ ਹਰਿਆਣਾ ‘ਚ ਪਿਛਲੇ ਦੋ-ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਤੋਂ ਬਾਅਦ ਹੁਣ ਠੰਢ ਨੇ ਜ਼ੋਰ ਫੜ ਲਿਆ ਹੈ ਜਦਕਿ ਸੰਘਣੀ ਧੁੰਦ ਨੇ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉੱਧਰ, ਹਿਮਾਚਲ ਪ੍ਰਦੇਸ਼ ਵਾਲੇ ਪਾਸਿਓਂ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਘਰ ‘ਚ ਵੜ ਕੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਦੇ ਬਠਿੰਡਾ ‘ਚ ਤਾਪਮਾਨ 3.6 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਫਤਿਆਬਾਦ ‘ਚ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦੋ-ਤਿੰਨ ਦਿਨ ਦੋਵਾਂ ਸੂਬਿਆਂ ‘ਚ ਮੌਸਮ ਸਾਫ਼ ਰਹੇਗਾ, ਪਰ ਧੁੱਪ ਮੱਧਮ ਰਹੇਗੀ। ਇਸ ਦੇ ਨਾਲ ਹੀ ਸੀਤ ਲਹਿਰ ਵੀ ਚੱਲੇਗੀ।
ਮੌਸਮ ਵਿਭਾਗ ਅਨੁਸਾਰ ਅੱਜ ਸੂਬੇ ‘ਚ ਕਈ ਥਾਵਾਂ ‘ਤੇ ਮੀਂਹ ਪਿਆ ਹੈ। ਰਾਜਧਾਨੀ ਚੰਡੀਗੜ੍ਹ ਦਾ ਘੱਟ ਤੋਂ ਘੱਟ ਤਾਪਮਾਨ 9.5 ਡਿਗਰੀ ਸੈਲਸੀਅਸ, ਅੰਮ੍ਰਿਤਸਰ ‘ਚ 6.8 ਡਿਗਰੀ ਸੈਲਸੀਅਸ, ਲੁਧਿਆਣਾ ‘ਚ 7.1 ਡਿਗਰੀ ਸੈਲਸੀਅਸ, ਪਟਿਆਲਾ ‘ਚ 9.3 ਡਿਗਰੀ ਸੈਲਸੀਅਸ, ਪਠਾਨਕੋਟ ‘ਚ 7 ਡਿਗਰੀ ਸੈਲਸੀਅਸ, ਫ਼ਰੀਦਕੋਟ ‘ਚ 5.2 ਡਿਗਰੀ ਸੈਲਸੀਅਸ, ਗੁਰਦਾਸਪੁਰ ‘ਚ 7 ਡਿਗਰੀ ਸੈਲਸੀਅਸ, ਨਵਾਂ ਸ਼ਹਿਰ ‘ਚ 7.6 ਡਿਗਰੀ ਸੈਲਸੀਅਸ, ਰਿਹਾ।
ਗੁਲਮਰਗ ਜੰਮੂ ਕਸ਼ਮੀਰ ‘ਚ ਸਭ ਤੋਂ ਠੰਢਾ
ਸ੍ਰੀਨਗਰ: ਗੁਲਮਰਗ ਦੇ ਟੂਰਿਸਟ ਰਿਜ਼ੌਰਟ ਨੂੰ ਛੱਡ ਕੇ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਇਸ ਸੀਜ਼ਨ ਦੌਰਾਨ ਆਮ ਨਾਲੋਂ ਜ਼ਿਆਦਾ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿੱਚ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਬੀਤੀ ਰਾਤ ਦੇ 2.8 ਡਿਗਰੀ ਸੈਲਸੀਅਸ ਨਾਲੋਂ ਘੱਟ ਸੀ। ਗੁਲਮਰਗ ਵਿੱਚ ਤਾਪਮਾਨ ਮਨਫ਼ੀ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਬੀਤੀ ਰਾਤ ਦੇ ਮਨਫ਼ੀ 9.5 ਡਿਗਰੀ ਨਾਲੋਂ ਵੱਧ ਸੀ। ਪਹਿਲਗਾਮ ਵਿੱਚ ਤਾਪਮਾਨ ਮਨਫ਼ੀ 2.8 ਡਿਗਰੀ ਸੈਲਸੀਅਸ ਸੀ। -ਪੀਟੀਆਈ