ਕਾਲਜ ਪਾਰਕ (ਯੂਐਸ), 1 ਫਰਵਰੀ
ਰਾਸ਼ਟਰਪਤੀ ਜੋ ਬਾਇਡਨ ਨੂੰ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਰਿਆਨ ਮੈਥਿਊ ਕੌਨਲੋਨ (37) ਅਤੇ ਸਕਾਟ ਰਿਆਨ ਮੈਰੀਮੈਨ (37) ਨੂੰ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਕੌਨਲੋਨ ਦੇ ਕੇਸ ਨੂੰ ਸੋਮਵਾਰ ਤਕ ਰੋਕ ਦਿੱਤਾ ਸੀ। ਉਸ ਖ਼ਿਲਾਫ਼ ਕੌਮੀ ਸੁਰੱਖਿਆ ਏਜੰਸੀ ਦੇ ਮੁੱਖ ਦਫ਼ਤਰ ਨੂੰ ਉਡਾਉਣ ਦੀਆਂ ਧਮਕੀਆਂ ਦੇਣ ਦਾ ਦੋਸ਼ ਵੀ ਹੈ।
ਮੈਰੀਮੈਨ ਨੂੰ ਉਸ ਦੇ ਘਰ ਤੋਂ ਮੈਰੀਲੈਂਡ ਦੇ ਸਫ਼ਰ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਫੈਡਰਲ ਅਧਿਕਾਰੀਆਂ ਨੇ ਕਿਹਾ ਕਿ ਉਸ ਨੇ ਪਿਛਲੇ ਮੰਗਲਵਾਰ ਨੂੰ ਫੋਨ ਕਰ ਕੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਨੂੰ ਮਿਲਣ ਲਈ ਵਾਸ਼ਿੰਗਟਨ ਡੀਸੀ ਜਾ ਰਿਹਾ ਹੈ। ਇਸ ਸਬੰਧੀ ਇੱਕ ਐਫਬੀਆਈ ੲੇਜੰਟ ਨੇ ਕਿਹਾ ਕਿ ਇਕ ਖ਼ੁਫ਼ੀਆ ਏਜੰਟ ਨੂੰ ਉਸ ਨੇ ਕਿਹਾ ਕਿ ਉਸ ਨੂੰ ਰੱਬ ਨੇ ਕੌਮ ਦੇ ਦਿਲ ਵਿਚ ਬੈਠੇ ਸੱਪ ਦਾ ਸਿਰ ਵੱਢਣ ਲਈ ਯਾਤਰਾ ਕਰਨ ਲਈ ਕਿਹਾ ਹੈ। ਮੈਰੀਮੈਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ‘ਸੱਪ’ ਰਾਸ਼ਟਰਪਤੀ ਹੀ ਹੈ।
ਜਦੋਂ ਏਜੰਟ ਮੈਰੀਮੈਨ ਕੋਲ ਗਿਆ ਤਾਂ ਉਸ ਕੋਲ ਕੋਈ ਹਥਿਆਰ ਨਹੀਂ ਸੀ ਪਰ ਉਸ ਨੇ ਆਪਣੇ ਬੈਗ ਵਿਚ ਗੋਲਾ ਬਾਰੂਦ ਤੇ ਕੁਝ ਹੋਰ ਸਾਮਾਨ ਪਾ ਰੱਖਿਆ ਸੀ। ਅਗਲੇ ਦਿਨ ਮੈਰੀਮੈਨ ਨੇ ਵ੍ਹਾਈਟ ਹਾਊਸ ਵਿਚ ਸਿਰ ਵੱਢਣ ਸਬੰਧੀ ਫੋਨ ਕੀਤਾ ਸੀ। ਅਦਾਲਤ ਨੇ ਮੈਰੀਮੈਨ ‘ਤੇ ਕੁਝ ਰੋਕਾਂ ਲਾਉਂਦਿਆਂ ਉਸ ਨੂੰ ਰਿਹਾਅ ਕਰ ਦਿੱਤਾ ਸੀ। ਯੂਐਸ ਮੈਜਿਸਟਰੇਟ ਜੱਜ ਏ. ਡੇਵਿਡ ਕਾਪਰਥਾਈਟ ਨੇ ਕੌਨਲਨ ਨੂੰ ਪ੍ਰੋਬੇਸ਼ਨ ਅਫਸਰ ਦੇ ਬਿਨਾਂ ਕੰਪਿਊਟਰ ਜਾਂ ਕਿਸੇ ਹੋਰ ਇੰਟਰਨੈਟ ਨਾਲ ਜੁੜੀਆਂ ਡਿਵਾਈਸਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦਾ ਹੁਕਮ ਦਿੱਤਾ। -ਏਪੀ