ਪੇਈਚਿੰਗ, 6 ਫਰਵਰੀ
ਚੀਨ ਨੇ ਅੱਜ ਕਿਹਾ ਕਿ ਉਹ ਪਾਕਿਸਤਾਨ ਨਾਲ ‘ਸੀਪੀਈਸੀ’ ਤਹਿਤ ਸਹਿਯੋਗ ਜਾਰੀ ਰੱਖੇਗਾ। ਚੀਨ-ਪਾਕਿਸਤਾਨ ਆਰਥਿਕ ਲਾਂਘਾ 60 ਅਰਬ ਅਮਰੀਕੀ ਡਾਲਰ ਦਾ ਪ੍ਰਾਜੈਕਟ ਹੈ। ਚੀਨ ਨੇ ਕਿਹਾ ਕਿ ਉਹ ਕਸ਼ਮੀਰ ਮੁੱਦੇ ਨੂੰ ਢੁੱਕਵੇਂ ਤਰੀਕੇ ਨਾਲ ਨਜਿੱਠਣ ਦੇ ਹੱਕ ਵਿਚ ਹੈ ਤੇ ਕਿਸੇ ਵੀ ‘ਇਕਪਾਸੜ ਕਾਰਵਾਈ’ ਦਾ ਵਿਰੋਧ ਕਰਦਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਇੱਥੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਖਾਨ ਚੀਨ ਦੇ ਚਾਰ ਦਿਨ ਦੇ ਦੌਰੇ ਉਤੇ ਸਨ ਤੇ ਅੱਜ ਉਹ ਰਾਸ਼ਟਰਪਤੀ ਨੂੰ ਮਿਲੇ। ਉਨ੍ਹਾਂ ਸੀਪੀਈਸੀ ਦੀ ਰਫ਼ਤਾਰ ਹੌਲੀ ਹੋਣ ਸਣੇ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਪਾਕਿਸਤਾਨ ਵਿਚ ਕੰਮ ਕਰ ਰਹੇ ਚੀਨੀ ਨਾਗਰਿਕਾਂ ‘ਤੇ ਵਧੇ ਹਮਲਿਆਂ ਦਾ ਮੁੱਦਾ ਵੀ ਵਿਚਾਰਿਆ ਗਿਆ। ਖਾਨ ਨਾਲ ਮੀਟਿੰਗ ਵਿਚ ਸ਼ੀ ਨੇ ਕਿਹਾ ਕਿ ਚੀਨ ਪਾਕਿਸਤਾਨ ਵੱਲੋਂ ਆਪਣੀ ਖ਼ੁਦਮੁਖਤਿਆਰੀ ਕਾਇਮ ਰੱਖਣ ਤੇ ਪ੍ਰਭੂਸੱਤਾ ਲਈ ਚੁੱਕੇ ਗਏ ਕਦਮਾਂ ਦੀ ਹਮਾਇਤ ਕਰਦਾ ਹੈ। -ਪੀਟੀਆਈ