ਲੋਕਾਂ ਦੇ ਸਹਿਯੋਗ ਸਦਕਾ ਮਿਹਨਤ ਕਰਨ ਦੀ ਤਾਕਤ ਵਧੀ: ਚੰਨੀ

ਲੋਕਾਂ ਦੇ ਸਹਿਯੋਗ ਸਦਕਾ ਮਿਹਨਤ ਕਰਨ ਦੀ ਤਾਕਤ ਵਧੀ: ਚੰਨੀ


ਸੰਜੀਵ ਬੱਬੀ
ਚਮਕੌਰ ਸਾਹਿਬ, 8 ਫਰਵਰੀ

ਮੁੱਖ ਮੰਤਰੀ ਤੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਹਲਕੇ ਦੇ ਪਿੰਡਾਂ ਫਿਰੋਜ਼ਪੁਰ, ਸਿਲੋਮਾਸਕੋ, ਬੇਲਾ, ਬਜੀਦਪੁਰ, ਖਾਨਪੁਰ, ਰੁਕਾਲੀ, ਟੱਪਰੀਆਂ ਅਮਰ ਸਿੰਘ, ਫਤਿਹਪੁਰ, ਚੁਹੜ ਮਾਜਰਾ ਅਤੇ ਸੰਧੂਆਂ ਸਮੇਤ ਹੋਰ ਕਈ ਪਿੰਡਾਂ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਇਨ੍ਹਾਂ ਪਿੰਡਾਂ ਵਿੱਚ ਮੁੱਖ ਮੰਤਰੀ ਨੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਲਗਾਤਾਰ ਵੱਧਦੇ ਸਹਿਯੋਗ ਨਾਲ ਹਲਕੇ ਦੇ ਵਿਕਾਸ ਲਈ ਸਖਤ ਮਿਹਨਤ ਕਰਨ ਦੀ ਤਾਕਤ ਵਧਦੀ ਹੈ। ਉਨ੍ਹਾਂ ਕਿਹਾ ਕਿ ਐਨੇ ਸਾਲਾਂ ਤੋਂ ਤੁਹਾਡੇ ਕੋਲੋਂ ਮਿਲ ਰਹੇ ਪਿਆਰ ਅਤੇ ਸਮਰਥਨ ਲਈ ਮੈਂ ਹਮੇਸ਼ਾ ਤੁਹਾਡਾ ਰਿਣੀ ਰਹਾਂਗਾ। ਉਨ੍ਹਾਂ ਕਿਹਾ ਕਿ ਅੱਗੇ ਤੋਂ ਤੁਹਾਡੇ ਤੋਂ ਇਸੇ ਸਾਥ ਦੀ ਉਮੀਦ ਰਹੇਗੀ। ਚੰਨੀ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਥੋੜ੍ਹੇ ਸਮੇਂ ਦੇ ਕਾਰਜਕਾਲ ਵਿੱਚ ਲੋਕ ਹਿਤੂ ਫੈਸਲੇ ਲਏ ਹਨ ਉਨ੍ਹਾਂ ਨੂੰ ਭਵਿੱਖ ਵਿੱਚ ਲਾਗੂ ਰੱਖਣ ਲਈ ਸੂਬੇ ਵਿੱਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਆਉਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਵਿੱਚ ਅਜਿਹੀ ਤਾਕਤ ਹੈ ਕਿ ਇਸ ਨੂੰ ਥੋੜ੍ਹਾ ਜਿਹਾ ਹਿਲਾਉਣ ਨਾਲ ਹੀ ਹਲਕੇ ਲਈ ਪੈਸੇ ਦੇ ਅੰਬਾਰ ਲੱਗ ਜਾਂਦੇ ਹਨ ਅਤੇ ਤੁਸੀ ਸਾਰਿਆਂ ਨੇ ਦੇਖਿਆ ਵੀ ਹੈ ਕਿ ਜਦੋਂ ਉਹ ਖੁਦ ਵਿਧਾਇਕ ਤੇ ਮੰਤਰੀ ਸਨ ਤਾਂ ਹਲਕੇ ਦੇ ਪਿੰਡਾਂ ਨੂੰ ਕਿੰਨੀਆਂ ਥੋੜ੍ਹੀਆਂ ਗਰਾਂਟਾਂ ਮਿਲਦੀਆਂ ਸਨ ਅਤੇ ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਤਾਂ ਹਰੇਕ ਪਿੰਡ ਨੂੰ ਕਰੋੜਾਂ ਰੁਪਏ ਦੀਆਂ ਗਰਾਂਟਾਂ ਮਿਲੀਆਂ ਹਨ। ਦੂਜੇ ਪਾਸੇ ਚੰਨੀ ਦੀ ਪਿੰਡਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਸਾਬਕਾ ਡਾਇਰੈਕਟਰ ਦਵਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਚੰਨੀ ਲੋਕ ਪੱਖੀ ਆਗੂ ਹਨ ਅਤੇ ਉਹ ਅਜਿਹੇ ਮੁੱਖ ਮੰਤਰੀ ਹਨ, ਜਿਨ੍ਹਾਂ ਥੋੜ੍ਹੇ ਸਮੇਂ ਵਿੱਚ ਪੰਜਾਬ ਨੂੰ ਤਰੱਕੀ ਦੇ ਰਸਤੇ ‘ਤੇ ਅੱਗੇ ਵਧਾਉਣ ਲਈ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿੱਚ ਫੈਸਲੇ ਲਏ ਹਨ। ਇਸ ਮੌਕੇ ਚੇਅਰਮੈਨ ਕਰਨੈਲ ਸਿੰਘ, ਵਾਇਸ ਚੇਅਰਮੈਨ ਤਰਲੋਚਨ ਸਿੰਘ ਭੰਗੂ, ਡਾਇਰੈਕਟਰ ਗਿਆਨ ਸਿੰਘ, ਸਰਪੰਚ ਲਖਵਿੰਦਰ ਸਿੰਘ, ਸਮਿਤੀ ਮੈਂਬਰ ਜਸਵੀਰ ਸਿੰਘ ਅਤੇ ਡਾ. ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਡਾ. ਚਰਨਜੀਤ ਸਿੰਘ ਚੋਣ ਮੀਟਿੰਗਾਂ ਦੌਰਾਨ ਪਾਰਟੀ ਵਰਕਰਾਂ ਤੇ ਆਪਣੇ ਸਮਰਥਕਾਂ ਨਾਲ।

ਰਵਾਇਤੀ ਪਾਰਟੀਆਂ ਨੇ ਵਾਰੋ-ਵਾਰੀ ਪੰਜਾਬ ਨੂੰ ਲੁੱਟਿਆ: ਡਾ. ਚਰਨਜੀਤ ਸਿੰਘ

ਮੋਰਿੰਡਾ (ਸੰਜੀਵ ਤੇਜਪਾਲ): ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਆਪ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਵਲੋਂ ਚੋਣ ਪ੍ਰਚਾਰ ਤੇਜ਼ ਕਰਦਿਆਂ ਸਿੱਲ ਤੇ ਬੱਤਾ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦਾ ਆਧਾਰ ਕਾਫੀ ਮਜ਼ਬੂਤ ਹੋ ਰਿਹਾ ਹੈ ਜਿਸ ਕਾਰਨ ਬਾਕੀ ਰਾਜਨੀਤਿਕ ਪਾਰਟੀਆਂ ਆਪ ਨੂੰ ਰੋਕਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਜ਼ੋਰਦਾਰ ਸਮਰਥਨ ਦਿੱਤਾ ਜਾ ਰਿਹਾ ਹੈ। ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪਾਰਟੀ ਵਲੋਂ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਹਨ, ਉਨ੍ਹਾਂ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ ਅਤੇ ਪੰਜਾਬ ਦੀ ਭਲਾਈ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਵਾਰੋ-ਵਾਰੀ ਪੰਜਾਬ ਨੂੰ ਲੁੱਟਿਆ ਹੈ ਪ੍ਰੰਤੂ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਖਜ਼ਾਨੇ ਨੂੰ ਭਰਪੂਰ ਕੀਤਾ ਜਾਵੇਗਾ ਅਤੇ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇਗਾ।



Source link