ਵਾਤਾਵਰਨ ਨੂੰ ਚੋਣ ਮੁੱਦਾ ਬਣਾਉਣ ’ਤੇ ਜ਼ੋਰ

ਵਾਤਾਵਰਨ ਨੂੰ ਚੋਣ ਮੁੱਦਾ ਬਣਾਉਣ ’ਤੇ ਜ਼ੋਰ


ਅਜੇ ਮਲਹੋਤਰਾ

ਫ਼ਤਹਿਗੜ੍ਹ ਸਾਹਿਬ, 9 ਫਰਵਰੀ

ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਕਪੂਰਗੜ੍ਹ (ਪੰਜਾਬ) ਪ੍ਰਧਾਨ ਤੀਰਥ ਸਿੰਘ ਕਪੂਰਗੜ੍ਹ ਦੇ ਅਗਵਾਈ ਹੇਠ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਆਰ.ਐੱਸ. ਗਰੇਵਾਲ ਦੀ ਦੇਖ ਰੇਖ ਹੇਠ ਬਾਰ ਕਾਨਫਰੰਸ ਰੂਮ ਵਿੱਚ ਵਾਤਾਵਰਨ ਮੁੱਦੇ ‘ਤੇ ਸੰਮੇਲਨ ਕਰਵਾਇਆ ਗਿਆ। ਜਿੱਥੇ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਵਿੱਚ ਵਾਤਾਵਰਨ ਦੇ ਮੁੱਦੇ ਨੂੰ ਸ਼ਾਮਲ ਕਰਵਾਉਣ ‘ਤੇ ਜ਼ੋਰ ਦਿੱਤਾ ਗਿਆ। ਸੰਮੇਲਨ ‘ਚ ਵਾਤਾਵਰਨ ਪ੍ਰੇਮੀ ਪਦਮ ਸ੍ਰੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਸਾਬਕਾ ਅਧਿਕਾਰੀ ਕਾਹਨ ਸਿੰਘ ਪੰਨੂ, ਸਾਬਕਾ ਤਹਿਸੀਲਦਾਰ ਕਰਮਜੀਤ ਸਿੰਘ ਪਟਿਆਲਾ ਅਤੇ ਐਡਵੋਕੇਟ ਬਲਵੀਰ ਸਿੰਘ ਬਿਲਿੰਗ ਪਟਿਆਲਾ ਸ਼ਾਮਲ ਹੋਏ।

ਸੰਤ ਬਲਵੀਰ ਸਿੰਘ ਸੀਚੇਵਾਲ ਨੇ ਅਪੀਲ ਕੀਤੀ ਫਸਲਾਂ ਤੇ ਨਸਲਾਂ ਬਚਾਉਣ ਲਈ ਲੋਕ ਰਾਜਨੀਤਕ ਪਾਰਟੀਆਂ ਨੂੰ ਵਾਤਾਵਰਨ ਵਿਸ਼ੇ ਨੂੰ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰਨ ਲਈ ਸਵਾਲ ਕਰਨ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਨੂੰ ਪਰਵਾਜ਼ ਦਿੰਦੇ ਹੋਏ ਰਾਜਨੀਤਕ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਤਾਵਰਨ ਦੀ ਸੰਭਾਲ ਹਿੱਤ ਐਕਸ਼ਨ ਪਲੈਨ ਯਕੀਨੀ ਬਣਾਉਣ ਲਈ ਪ੍ਰਤੀਬੱਧਤਾ ਜ਼ਾਹਿਰ ਕਰਨਗੀਆਂ ਤੇ ਡੂੰਘੇ ਹੁੰਦੇ ਜਾ ਰਹੇ ਧਰਤੀ ਹੇਠਲਾ ਪਾਣੀ ਦੇ ਵਰਤਾਰੇ ਨੂੰ ਅਗਲੇ ਪੰਜ ਸਾਲਾਂ ਵਿਚ ਪੂਰੀ ਤਰ੍ਹਾਂ ਰੋਕ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਪਾਣੀ ਸੁਰੱਖਿਅਤ ਕੀਤਾ ਕਰਨਗੀਆਂ। ਸੰਤ ਸੀਚੇਵਾਲ ਨੇ ਦਰਿਆਵਾਂ ਅਤੇ ਜਲ ਸਰੋਤਾਂ ਦੇ ਪ੍ਰਦੂਸ਼ਿਤ ਹੋਣ ‘ਤੇ ਰੋਕ ਲਾਉਣ, ਲੋਕਾਂ ਲਈ ਸਾਫ਼-ਸੁਥਰਾ ਚੌਗਿਰਦਾ ਮੁਹੱਈਆ ਕਰਵਾਉਣ, ਸ਼ਹਿਰਾਂ ‘ਚ ਕੂੜੇ ਦੀ ਸਮੱਸਿਆ ਦਾ ਹੱਲ, ਜੰਗਲਾਤ ਹੇਠ ਰਕਬਾ ਵਧਾਉਣ, ਜਲਗਾਹਾਂ ਤੇ ਦਰਿਆਵਾਂ ਨੇੜੇ ਹੜ੍ਹ ਖੇਤਰ ਦੀ ਮੁਨਾਸਿਬ ਸਾਂਭ ਸੰਭਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਅਪੀਲ ਵੀ ਕੀਤੀ ਕਿ ਪੰਜਾਬ ਵਿੱਚ ਕੋਈ ਵੀ ਉਦਯੋਗਿਕ ਸੰਸਥਾਗਤ ਨੀਤੀ ਸਿਰਫ਼ ਵਾਤਾਵਰਨ ਦੇ ਮੁੱਦੇ ਨੂੰ ਕੇਂਦਰ ਵਿੱਚ ਰੱਖ ਕੇ ਬਣਾਉਣੀ ਯਕੀਨੀ ਕਰਨ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਪਬਲਿਕ ਜਵਾਬਦੇਹੀ ਦਾ ਇੱਕ ਖੁਦਮੁਖਤਿਆਰ ਅਦਾਰਾ ਬਣਾ ਕੇ ਉਸ ਪ੍ਰਬੰਧਕੀ ਤੌਰ ‘ਤੇ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਤੇ ਮੁੱਖ ਬੁਲਾਰਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੇਵਾ ਸਿੰਘ ਹਿੰਮਤਗੜ੍ਹ, ਪ੍ਰਧਾਨ ਤੀਰਥ ਸਿੰਘ ਕਪੂਰਗੜ੍ਹ ਆਦਿ ਹਾਜ਼ਰ ਸਨ।



Source link