ਬਰਿੰਦਰ ਢਿੱਲੋਂ ਦੀ ਖਣਨ ਮਾਫ਼ੀਆ ਨਾਲ ਮਿਲੀਭੁਗਤ: ਚੱਢਾ

ਬਰਿੰਦਰ ਢਿੱਲੋਂ ਦੀ ਖਣਨ ਮਾਫ਼ੀਆ ਨਾਲ ਮਿਲੀਭੁਗਤ: ਚੱਢਾ


ਜਗਮੋਹਨ ਸਿੰਘ

ਰੂਪਨਗਰ, 13 ਫਰਵਰੀ

ਹਲਕਾ ਰੂਪਨਗਰ ਤੋਂ ‘ਆਪ’ ਉਮੀਦਵਾਰ ਐਡਵੋਕੇਟ ਦਿਨੇਸ਼ ਚੱਢਾ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਕਾਂਗਰਸੀ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ‘ਤੇ ਖਣਨ ਮਾਫੀਆ ਨਾਲ ਮਿਲੀਭੁਗਤ ਹੋਣ ਦਾ ਦੋਸ਼ ਲਾਇਆ ਹੈ। ਇੱਥੇ ਪ੍ਰੈੱਸ ਕਲੱਬ ਰੂਪਨਗਰ ਵਿੱਚ ਚੱਢਾ ਨੇ ਢਿੱਲੋਂ ਵੱਲੋਂ ਰਿਟਰਨਿੰਗ ਅਫਸਰ ਕੋਲ ਪੇਸ਼ ਕੀਤੇ ਗਏ ਹਲਫੀਆ ਬਿਆਨ ਦੀ ਕਾਪੀ ਦਿਖਾਉਂਦਿਆਂ ਕਿਹਾ ਕਿ ਆਪਣੇ ਹਲਫਨਾਮੇ ਰਾਹੀਂ ਆਪਣੀ ਨਿਵੇਸ਼ ਕੀਤੀ ਹੋਈ ਰਕਮ ਦਾ ਖੁਲਾਸਾ ਕਰਦਿਆਂ ਬਰਿੰਦਰ ਸਿੰਘ ਢਿੱਲੋਂ ਨੇ ਬਾਬੂ ਰਾਮ ਸ਼ਰਮਾ, ਅਵਨੀਤ ਕੁਮਾਰ ਅਤੇ ਮੋਹਨ ਲਾਲ ਨੂੰ ਕਰੋੜਾਂ ਰੁਪਏ ਦੀ ਰਕਮ ਕਰਜ਼ ਵਜੋਂ ਦਿੱਤੇ ਹੋਣ ਦੀ ਗੱਲ ਕਬੂਲੀ ਹੈ ਅਤੇ ਮਨਪ੍ਰੀਤ ਸਿੰਘ ਨੂੰ ਵੀ ਕਰੋੜਾਂ ਰੁਪਏ ਲੋਨ ਦਿੱਤਾ ਹੋਇਆ ਹੈ। ਸ੍ਰੀ ਚੱਢਾ ਨੇ ਦੱਸਿਆ ਕਿ ਉਕਤ ਚਾਰੋਂ ਵਿਅਕਤੀ ਖਣਨ ਠੇਕੇਦਾਰ ਹਨ ਅਤੇ ਇਨ੍ਹਾਂ ਵਿੱਚੋਂ ਮਨਪ੍ਰੀਤ ਸਿੰਘ ਨਾਮਕ ਠੇਕੇਦਾਰ ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ 400 ਕਰੋੜ ਰੁਪਏ ਤੋਂ ਵੀ ਜ਼ਿਆਦਾ ਜੁਰਮਾਨਾ ਲਗਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਵਿੱਚ ਅੰਨ੍ਹੇਵਾਹ ਨਾਜਾਇਜ਼ ਖਣਨ ਅਤੇ ਗੁੰਡਾ ਪਰਚੀ ਇਸੇ ਕਰਕੇ ਕਾਬੂ ਨਹੀਂ ਆ ਰਹੀ, ਕਿਉਂਕਿ ਉਸ ਵਿੱਚ ਕਥਿਤ ਤੌਰ ‘ਤੇ ਬਰਿੰਦਰ ਸਿੰਘ ਢਿੱਲੋਂ ਵਰਗੇ ਲੋਕਾਂ ਦੇ ਕਰੋੜਾਂ ਰੁਪਏ ਲੱਗੇ ਹੋਏ ਹਨ। ਚੱਢਾ ਨੇ ਦੂਜਿਆਂ ‘ਤੇ ਦੋਸ਼ ਲਾਉਣ ਵਾਲੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਸ ਨੇਤਾ ਸਬੰਧੀ ਸਥਿਤੀ ਸਪੱਸ਼ਟ ਕਰਨ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਹੋਰ ਵੀ ਅਹਿਮ ਖੁਲਾਸੇ ਕਰਨਗੇ।

ਕਿਸੇ ਨੂੰ ਉਧਾਰੇ ਪੈਸੇ ਦੇ ਕੇ ਕੋਈ ਗੁਨਾਹ ਨਹੀਂ ਕੀਤਾ: ਢਿੱਲੋਂ

ਦਿਨੇਸ਼ ਚੱਢਾ ਵੱਲੋਂ ਲਾਏ ਗਏ ਦੋਸ਼ਾਂ ਦੇ ਜਵਾਬ ‘ਚ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਆਪਣੀ ਹਾਰ ਹੁੰਦੀ ਦੇਖ ਕੇ ਬੁਖਲਾਏ ਚੱਢਾ ਅਜਿਹੀਆਂ ਹੋਛੀਆਂ ਹਰਕਤਾਂ ‘ਤੇ ਉੱਤਰ ਆਏ ਹਨ। ਢਿੱਲੋਂ ਕਿਹਾ, ”ਮੈਂ ਕਿਸੇ ਨੂੰ ਪੈਸੇ ਉਧਾਰੇ ਦੇ ਕੇ ਕੋਈ ਗੁਨਾਹ ਨਹੀਂ ਕੀਤਾ ਅਤੇ ਨਾ ਹੀ ਚੋਣ ਕਮਿਸ਼ਨ ਤੋਂ ਕੋਈ ਗੱਲ ਲੁਕਾਈ ਹੈ।”



Source link