ਕਾਂਗਰਸ ਦੀ ਫੋਟੋਕਾਪੀ ਹੈ ‘ਆਪ’: ਮੋਦੀ

ਕਾਂਗਰਸ ਦੀ ਫੋਟੋਕਾਪੀ ਹੈ ‘ਆਪ’: ਮੋਦੀ


ਐੱਨ.ਪੀ.ਧਵਨ
ਪਠਾਨਕੋਟ, 16 ਫਰਵਰੀ

ਮੁੱਖ ਅੰਸ਼

  • ਮਜਬੂਰ ਨਹੀਂ ਮਜ਼ਬੂਤ ਪੰਜਾਬ ਬਣਾਉਣ ਦਾ ਦਾਅਵਾ
  • ਰਵਿਦਾਸ ਜੈਅੰਤੀ ਲਈ ਪੰਜਾਬ ਤੋਂ ਬਨਾਰਸ ਗਏ ਸ਼ਰਧਾਲੂਆਂ ਦੀ ਮਹਿਮਾਨਨਿਵਾਜ਼ੀ ਨੂੰ ਫਰਜ਼ ਦੱਸਿਆ
  • ਕਰਤਾਪੁਰ ਲਾਂਘੇ ਦੇ ਹਵਾਲੇ ਨਾਲ ਕਾਂਗਰਸ ਨੂੰ ਘੇਰਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ‘ਤੇ ਸਿਆਸੀ ਹਮਲੇ ਕਰਦਿਆਂ ਦੋਵਾਂ ਨੂੰ ਇੱਕੋ ਥੈਲੀ ਦੇ ਚੱਟੇ-ਵੱਟੇ ਕਰਾਰ ਦਿੱਤਾ ਹੈ। ਉਨ੍ਹਾਂ ਆਮ ਆਦਮੀ ਪਾਰਟੀ (ਆਪ) ਨੂੰ ਕਾਂਗਰਸ ਦੀ ‘ਫੋਟੋਕਾਪੀ’ ਦੱਸਦੇ ਹੋ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਕ ਦੂਜੇ ਖਿਲਾਫ਼ ਲੜਨ ਦਾ ਢੌਂਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੋਵਾਂ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦਾ ਵਿਰੋਧ ਕੀਤਾ ਤੇ ਜਦੋਂ ਕਦੇ ਭਾਰਤੀ ਫੌਜੀ ਆਪਣੀ ਦਲੇਰੀ ਦਿਖਾਉਂਦੇ ਹਨ ਤਾਂ ਉਹ ‘ਪਾਕਿਸਤਾਨ ਦੀ ਬੋਲੀ’ ਬੋਲਣ ਲੱਗਦੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਭਾਜਪਾ ਅਤੇ ਉਨ੍ਹਾਂ ਨੂੰ ਹਿੰਦੁਸਤਾਨ ਦੇ ਹੋਰਨਾਂ ਰਾਜਾਂ ਦੀ ਨਿਸਬਤ ਪੰਜਾਬ ਅੰਦਰ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਪੰਜਾਬ ਦੇ ਲੋਕਾਂ ਤੋਂ 5 ਸਾਲ ਲਈ ਸੇਵਾ ਕਰਨ ਦਾ ਮੌਕਾ ਮੰਗਿਆ। ਸ੍ਰੀ ਮੋਦੀ ਅੱਜ ਇਥੇ ਭਾਜਪਾ ਤੇ ਗੱਠਜੋੜ ਪਾਰਟੀਆਂ ਦੇ ਉਮੀਦਵਾਰਾਂ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਸ੍ਰੀ ਮੋਦੀ ਨੇ ਪੰਜਾਬ ‘ਚ ਆਪਣੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਪਹਿਲਾਂ ਉਹ ਇਥੇ ਇੱਕ ਛੋਟੇ ਦਲ ਦੇ ਰੂਪ ਵਿੱਚ ਸਰਕਾਰ ਨਾਲ ਹਾਸ਼ੀਏ ‘ਤੇ ਚੱਲ ਰਹੇ ਸਨ, ਪਰ ਉਦੋਂ ਸੂਬੇ ਦੇ ਭਲੇ, ਸ਼ਾਂਤੀ ਅਤੇ ਉਜਵਲ ਭਵਿੱਖ ਲਈ ਆਪਣੀ ਪਾਰਟੀ (ਭਾਜਪਾ) ਦਾ ਨੁਕਸਾਨ ਕਰ ਕੇ ਪੰਜਾਬ ਨੂੰ ਤਰਜੀਹ ਦਿੱਤੀ। ਉਨ੍ਹਾਂ ਪੰਜਾਬ ਅੰਦਰ ਕਿਸਾਨੀ, ਵਪਾਰ ਅਤੇ ਇੰਡਸਟਰੀ ਨੂੰ ਲਾਹੇਵੰਦ ਬਣਾਉਣ ਤੇ ਸੂਬੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਜਬੂਰ ਨਹੀਂ ਮਜ਼ਬੂਤ ਬਣਾਇਆ ਜਾਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਉਮੀਦਵਾਰਾਂ ਨਾਲ ਪਠਾਨਕੋਟ ਵਿੱਚ ਹੱਥ ਖੜ੍ਹੇ ਕਰਕੇ ਵਰਕਰਾਂ ਦਾ ਹੌਸਲਾ ਵਧਾਉਂਦੇ ਹੋਏ। -ਫੋਟੋ: ਮਲਕੀਅਤ ਸਿੰਘ

ਪ੍ਰਧਾਨ ਮੰਤਰੀ ਨੇ ਆਪਣੀ ਚੋਣ ਤਕਰੀਰ ਵਿੱਚ ਸਾਰੇ ਮਾਹੌਲ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਆਪਣਾ ਭਾਸ਼ਣ ‘ਜੈ ਸ੍ਰੀ ਰਾਮ, ਜੈ ਸ੍ਰੀ ਰਾਮ’, ‘ਜੋ ਬੋਲੇ ਸੋ ਨਿਹਾਲ-ਵਾਹਿਗੁਰੂ ਜੀ ਕਾ ਖਾਲਸਾ’ ਦੇ ਜੈਕਾਰਿਆਂ ਨਾਲ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੰਤ ਰਵਿਦਾਸ ਜੀ ਵੱਲੋਂ ਕਹੇ ਬੋਲਾਂ ਨੂੰ ਹੀ ਪੁਗਾ ਰਹੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਗੁਰੂਆਂ ਅਤੇ ਸੰਤਾਂ ਦੀ ਬਾਣੀ ‘ਤੇ ਚੱਲ ਕੇ ਹੀ 21ਵੀਂ ਸਦੀ ਦਾ ਨਵਾਂ ਪੰਜਾਬ, ਪਹਿਲਾਂ ਵਾਲਾ ਹੱਸਦਾ ਪੰਜਾਬ, ਵੱਸਦਾ ਪੰਜਾਬ, ਨੱਚਦਾ ਪੰਜਾਬ, ਚੜ੍ਹਦਾ ਪੰਜਾਬ ਬਣਾਉਣਗੇ। ਉਨ੍ਹਾਂ ਕਿਹਾ ਕਿ ਅੱਜ ਸੰਤ ਰਵਿਦਾਸ ਦੀ ਜੈਅੰਤੀ ਮੌਕੇ ਇਥੇ ਆਉਣ ਤੋਂ ਪਹਿਲਾਂ ਦਿੱਲੀ ਵਿੱਚ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਿਰ ਤੋਂ ਆਸ਼ੀਰਵਾਦ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਲੱਖਾਂ ਸ਼ਰਧਾਲੂ ਸੰਤ ਰਵਿਦਾਸ ਦੇ ਜਨਮ ਅਸਥਾਨ ਬਨਾਰਸ ਗਏ ਹੋਏ ਹਨ। ਉਨ੍ਹਾਂ ਅਤੇ ਯੋਗੀ ਸਰਕਾਰ ਨੇ ਇਨ੍ਹਾਂ ਸ਼ਰਧਾਲੂਆਂ ਨੂੰ ਸਹੂਲਤਾਂ ਦੇਣ ਲਈ ਕਾਫੀ ਕੁਝ ਕੀਤਾ ਹੈ। ਉਨ੍ਹਾਂ ਕਿਹਾ, ”ਬਨਾਰਸ ਮੇਰਾ ਸੰਸਦੀ ਹਲਕਾ ਹੈ, ਲਿਹਾਜ਼ਾ ਪੰਜਾਬ ਤੋਂ ਗੲੇ ਸ਼ਰਧਾਲੂ ਮੇਰੇ ਮਹਿਮਾਨ ਹਨ ਤੇ ਉਨ੍ਹਾਂ ਦੀ ਆਓ ਭਗਤ ਕਰਨਾ ਮੇਰਾ ਫਰਜ਼ ਵੀ ਹੈ। ਇਸ ਕਰਕੇ ਉਥੇ 2 ਵਿਸ਼ੇਸ਼ ਰੇਲ ਗੱਡੀਆਂ ਵੀ ਚਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸੰਤ ਰਵਿਦਾਸ ਮੰਦਰ ਕੰਪਲੈਕਸ ‘ਚ ਇੱਕ ਲੰਗਰ ਹਾਲ ਬਣਾ ਕੇ ਸਮਰਪਿਤ ਕੀਤਾ ਗਿਆ ਹੈ।” ਉਨ੍ਹਾਂ ਸੰਤ ਰਵਿਦਾਸ ਦੇ ਦੋਹੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇੱਕ ਅਜਿਹਾ ਰਾਜਾ ਚਾਹੁੰਦੇ ਸਨ, ਜਿਸ ਦੇ ਰਾਜ ਵਿੱਚ ਸਭ ਨੂੰ ਅੰਨ ਮਿਲੇ ਅਤੇ ਹਰ ਕੋਈ ਇੱਕ-ਦੂਜੇ ਦੇ ਬਰਾਬਰ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਅਜਿਹਾ ਹੋਵੇਗਾ ਤਾਂ ਰਵਿਦਾਸ ਜੀ ਕੁਦਰਤੀ ਤੌਰ ਤੇ ਪ੍ਰਸੰਨ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲਈ ਗਰੀਬ ਵਰਗ ਦਾ ਭਲਾ ਮੁੱਢਲੀ ਤਰਜੀਹ ਹੈ। ਉਨ੍ਹਾਂ ਕੋਵਿਡ-19 ਦੇ ਹਵਾਲੇ ਨਾਲ ਕਿਹਾ ਕਿ ਪੂਰੀ ਦੁਨੀਆ ਅੰਦਰ ਫੈਲੀ ਮਹਾਮਾਰੀ, 100 ਸਾਲਾਂ ਵਿੱਚ ਪਹਿਲਾਂ ਕਦੇ ਨਹੀਂ ਆਈ। ਇਸ ਮੌਕੇ ਵੀ ਉਨ੍ਹਾਂ ਸੰਤ ਰਵਿਦਾਸ ਦੀ ਭਾਵਨਾ ਨੂੰ ਪਹਿਲ ਦਿੱਤੀ ਅਤੇ ਕਰੋੜਾਂ ਦੇਸ਼ ਵਾਸੀਆਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਇਆ। ਇਹੀ ਨਹੀਂ ਕਰੋਨਾ ਤੋਂ ਬਚਣ ਲਈ ਵੈਕਸੀਨ ਦੀ ਡੋਜ਼ ਵੀ ਮੁਫਤ ਲਗਵਾਈ।ਪ੍ਰਧਾਨ ਮੰਤਰੀ ਨੇ ਪਠਾਨਕੋਟ ਅਤੇ ਮਾਝੇ ਦੀ ਧਰਤੀ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਪਵਿੱਤਰ ਧਰਤੀ, ਮੁਕਤੇਸ਼ਵਰ ਮਹਾਂਦੇਵ ਮੰਦਰ ਅਤੇ ਅੰਮ੍ਰਿਤਸਰ ਦੇ ਦੁਰਗਿਆਣਾ ਮਾਤਾ ਮੰਦਰ ਨੂੰ ਪ੍ਰਣਾਮ ਕਰਦਾ ਹਾਂ। ਉਨ੍ਹਾਂ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਲੈ ਕੇ ਕਾਂਗਰਸ ਪਾਰਟੀ ਉਪਰ ਤਿੱਖਾ ਸ਼ਬਦੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ 1947 ਵਿੱਚ ਦੇਸ਼ ਵੰਡ ਮੌਕੇ ਕਾਂਗਰਸ ਦੇ ਨੇਤਾ ਹੀ ਦੇਸ਼ ਦੇ ਮੁੱਖ ਆਗੂ ਬਣੇ ਹੋਏ ਸਨ ਤੇ ਉਨ੍ਹਾਂ 6 ਕਿਲੋਮੀਟਰ ਦੂਰ ਸ੍ਰੀ ਗੁਰੂ ਨਾਨਕ ਦੇਵ ਦੀ ਤਪੋ ਭੂਮੀ ਨੂੰ ਭਾਰਤ ਵਿੱਚ ਕਿਉਂ ਨਹੀਂ ਰੱਖਿਆ। ਇਹ ਕਾਂਗਰਸ ਦੀ ਪਹਿਲੀ ਵੱਡੀ ਉਕਾਈ ਸੀ। ਕਾਂਗਰਸ ਨੇ ਦੂਜੀ ਉਕਾਈ 1965 ਦੀ ਜੰਗ ਮੌਕੇ ਕੀਤੀ ਜਦੋਂ ਭਾਰਤੀ ਫੌਜਾਂ ਲਾਹੌਰ ‘ਚ ਝੰਡਾ ਲਹਿਰਾਉਣ ਦੀ ਤਾਕਤ ਨਾਲ ਅੱਗੇ ਵਧ ਰਹੀਆਂ ਸਨ। ਜੇਕਰ ਉਸ ਮੌਕੇ ਕਾਂਗਰਸ ਸਰਕਾਰ ਨੇ ਥੋੜਾ ਤਰੱਦਦ ਕੀਤਾ ਹੁੰਦਾ ਗੁਰੂ ਜੀ ਦੀ ਇਹ ਤਪੋ ਭੂਮੀ ਅੱਜ ਭਾਰਤ ਦੇ ਕਬਜ਼ੇ ਵਿੱਚ ਹੁੰਦੀ। ਤੀਜੀ ਉਕਾਈ 1971 ਵਿੱਚ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਮੌਕੇ ਹੋਈ। ਉਸ ਵੇਲੇ 90 ਹਜ਼ਾਰ ਦੀ ਨਫ਼ਰੀ ਵਾਲੀ ਪਾਕਿਸਤਾਨੀ ਫੌਜ ਨੇ ਭਾਰਤੀ ਫੌਜ ਅੱਗੇ ਗੋਡੇ ਟੇਕ ਦਿੱਤੇ ਸਨ। ਉਦੋਂ ਪਾਕਿ ਫੌਜ ਸਾਡੀਆਂ ਜੇਲ੍ਹਾਂ ਵਿੱਚ ਕੈਦ ਸੀ, ਉਸ ਵੇਲੇ ਵੀ ਕਰਤਾਰਪੁਰ ਭਾਰਤ ਨੂੰ ਦੇਣ ਦੀ ਸ਼ਰਤ ਰੱਖੀ ਜਾ ਸਕਦੀ ਸੀ। ਇਸ ਤਰ੍ਹਾਂ ਕਾਂਗਰਸ ਪਾਰਟੀ ਨੇ ਤਿੰਨੇ ਮੌਕੇ ਗੁਆ ਲਏ। ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੇਸ਼ ਦੀ ਕਮਾਨ ਸੰਭਾਲੀ ਤਾਂ ਆਪਣੀ ਕੂਟਨੀਤਕ ਤਾਕਤ (ਨੀਤੀ) ਨਾਲ ਕਰਤਾਰਪੁਰ ਸਾਹਿਬ ਵਿਖੇ ਕਾਰੀਡੋਰ ਬਣਾਇਆ। ਉਨ੍ਹਾਂ ਕਾਂਗਰਸ ਅਤੇ ‘ਆਪ’ ਨੂੰ ਭੰਡਦਿਆਂ ਕਿਹਾ ਕਿ ਇਹ ਉਹੀ ਲੋਕ ਹਨ, ਜਿਨ੍ਹਾਂ ਰਾਮ ਮੰਦਰ ਦੇ ਨਿਰਮਾਣ ਨੂੰ ਰੋਕਣ ਲਈ ਪੂਰੀ ਤਾਕਤ ਲਗਾ ਦਿੱਤੀ ਅਤੇ ਫਿਰ ਕਾਸ਼ੀ ਵਿਸ਼ਵਨਾਥ ਧਾਮ ਦਾ ਵੀ ਵਿਰੋਧ ਕੀਤਾ। ਇਨ੍ਹਾਂ ਵਿੱਚੋਂ ਇੱਕ ਪਾਰਟੀ ਨੇ ਪੰਜਾਬ ਨੂੰ ਲੁੱਟਿਆ ਤੇ ਘੁਟਾਲੇ ਕਰਦੀ ਰਹੀ, ਜਦੋਂਕਿ ਦੂਸਰੀ ਦਿੱਲੀ ‘ਚ ਨੌਜਵਾਨ ਵਰਗ ਨੂੰ ਨਸ਼ੇ ਦੀ ਲੱਤ ਲਗਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ‘ਆਪ’ ਦੀ ਪੁਰਾਣੀ ਸਾਂਝ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜਿਹੜੇ ਵੀ ਰਾਜ ਵਿੱਚ ਭਾਜਪਾ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ, ਉਥੇ ਹੀ ਵਿਕਾਸ ਹੋਇਆ। ਉਨ੍ਹਾਂ ਕਿਹਾ ਕਿ ਜਿੱਥੇ ਵਿਕਾਸ ਪੁੱਜਿਆ, ਉਥੇ ਹੀ ਵੰਸ਼ਵਾਦ ਵਾਲੇ ਪਰਿਵਾਰ ਦਾ ਸਫਾਇਆ ਹੋਇਆ ਹੈ। ਉਨ੍ਹਾਂ ਪਠਾਨਕੋਟ ਵਿੱਚ ਹੋਏ ਅਤਿਵਾਦੀ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਜਿੱਥੇ ਇਕਜੁੱਟ ਸੀ, ਉਥੇ ਕਾਂਗਰਸੀ ਆਗੂਆਂ ਵੱਲੋਂ ਦੇਸ਼ ਦੀ ਫੌਜ ‘ਤੇ ਸ਼ੱਕ ਸ਼ੁਬ੍ਹੇ ਖੜ੍ਹੇ ਕੀਤੇ ਜਾ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫੌਜ ਵਿੱਚ ਮਹਿਲਾਵਾਂ ਨੂੰ ਬਰਾਬਰ ਦੀ ਹਿੱਸੇਦਾਰੀ ਦਿੰਦੇ ਹੋਏ ਬਹਾਦਰੀ ਦਿਖਾਉਣ ਦੇ ਮੌਕੇ ਦਿੱਤੇ ਜਾਣਗੇ।

ਉਨ੍ਹਾਂ ਦੇਸ਼ ਅੰਦਰ ਸੈਂਕੜਿਆਂ ਦੀ ਸੰਖਿਆ ਵਿੱਚ ਆਰਮੀ ਸਕੂਲ ਖੋਲ੍ਹਣ ਦਾ ਦਾਅਵਾ ਕੀਤਾ, ਜਿਨ੍ਹਾਂ ਵਿੱਚ ਲੜਕੀਆਂ ਵੀ ਦਾਖਲਾ ਲੈ ਸਕਣਗੀਆਂ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਵਿਕਾਸ ਲਈ ਵਿਸ਼ੇਸ਼ ਵਿਭਾਗ ਦਾ ਗਠਨ ਹੋਵੇਗਾ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਪਠਾਨਕੋਟ ਤੋਂ ਭਾਜਪਾ ਉਮੀਦਵਾਰ ਅਸ਼ਵਨੀ ਸ਼ਰਮਾ ਨੇ ਵੀ ਸੰਬੋਧਨ ਕੀਤਾ ਅਤੇ ਪੰਜਾਬ ਨੂੰ ਮਾਫੀਆ ਮੁਕਤ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਭਾਜਪਾ ਅਤੇ ਗੱਠਜੋੜ ਵਿੱਚ ਸ਼ਾਮਲ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਵੀ ਪੁੱਜੇ ਹੋਏ ਸਨ।

ਰੈਲੀ ‘ਚੋਂ ਗੈਰਹਾਜ਼ਰ ਰਹੇ ਸਨੀ ਦਿਓਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਵਿੱਚ ਅੱਜ ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਫਿਲਮ ਅਦਾਕਾਰ ਸਨੀ ਦਿਓਲ ਦੀ ਗੈਰਹਾਜ਼ਰੀ ਰੜਕਦੀ ਰਹੀ। ਰੈਲੀ ਵਾਲੀ ਸਟੇਜ ਤੇ ਪੰਡਾਲ ਵਿੱਚ ਸਨੀ ਦਿਓਲ ਦਾ ਇੱਕ ਵੀ ਕੱਟਆਊਟ ਤੇ ਬੈਨਰ ਨਜ਼ਰ ਨਹੀਂ ਆਇਆ। ਨਾ ਪ੍ਰਧਾਨ ਮੰਤਰੀ ਤੇ ਨਾ ਹੀ ਕਿਸੇ ਹੋਰ ਬੁਲਾਰੇ ਨੇ ਸਨੀ ਦਿਓਲ ਦਾ ਨਾਂ ਲਿਆ। ਚੇਤੇ ਰਹੇ ਕਿ ਹਲਕੇ ਵਿੱਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਮੌਕੇ ਵੀ ਸਨੀ ਨਜ਼ਰ ਨਹੀਂ ਆਏ। ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਹਲਕੇ ਵਿੱਚੋਂ ਗੈਰਹਾਜ਼ਰੀ ਨੂੰ ਲੈ ਕੇ ਲੋਕ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।



Source link