ਲਖਵੀਰ ਸਿੰਘ ਚੀਮਾ
ਟੱਲੇਵਾਲ(ਬਰਨਾਲਾ), 20 ਫਰਵਰੀ
ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਖ਼ਿਲਾਫ਼ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਦੀ ਗੱਡੀ ‘ਤੇ ਕਥਿਤ ਹਮਲਾ ਹੋਇਆ ਹੈ। ਆਪ ਉਮੀਦਵਾਰ ਨੇ ਕਾਂਗਰਸੀ ਵਰਕਰਾਂ ਉਪਰ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਇਸ ਘਟਨਾਕ੍ਰਮ ਵਿੱਚ ਆਪ ਉਮੀਦਵਾਰ ਦੀ ਗੱਡੀ ਦੇ ਲੌਕ ਟੁੱਟ ਗਏ ਹਨ। ਦੂਜੇ ਪਾਸੇ ਕਾਂਗਰਸੀ ਵਰਕਰਾਂ ਨੇ ਆਪ ਉਮੀਦਵਾਰ ‘ਤੇ ਇੱਕ ਲੜਕੇ ਉਪਰ ਗੱਡੀ ਚੜ੍ਹਾਉਣ ਦੇ ਦੋਸ਼ ਲਗਾਏ ਹਨ। ਕਾਂਗਰਸੀ ਵਰਕਰਾਂ ਦਾ ਦੋਸ਼ ਹੈ ਕਿ ਨੌਜਵਾਨ ਇਸ ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਇਆ ਹੈ। ਸ੍ਰੀ ਉਗੋਕੇ ਨੇ ਕਿਹਾ ਕਿ ਉਹ ਭਦੌੜ ਵਿਖੇ ਪੋਲਿੰਗ ਬੂਥ ਦੀ ਚੈਕਿੰਗ ਕਰਕੇ ਤਿੰਨਕੋਣੀ ਚੌਕ ਨੇੜੇ ਜਾ ਰਹੇ ਸਨ, ਜਿੱਥੇ ਰਸਤੇ ਵਿੱਚ ਕਾਂਗਰਸੀ ਨੇਤਾ ਦੇ ਲੜਕੇ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਨ੍ਹਾਂ ਦੀ ਗੱਡੀ ਉਪਰ ਹਮਲਾ ਕਰ ਦਿੱਤਾ, ਜਿਸ ਦੌਰਾਨ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਥਾਣਾ ਸ਼ਹਿਣਾ ਅਤੇ ਭਦੌੜ ਦੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਮਾਮਲੇ ਵਿੱਚ ਕਾਂਗਰਸੀ ਵਰਕਰਾਂ ਨੇ ਵੀ ਆਪ ਉਮੀਦਵਾਰ ਉਪਰ ਦੋਸ਼ ਲਗਾਏ ਹਨ। ਕਾਂਗਰਸ ਦੇ ਨੇਤਾ ਰਾਜਬੀਰ ਸਿੰਗਲਾ ਨੇ ਕਿਹਾ ਕਿ ਲਾਭ ਸਿੰਘ ਉਸ ਦੇ ਪੁੱਤਰ ਦੇ ਸੱਟਾਂ ਮਾਰ ਕੇ ਭੱਜ ਗਏ ਹਨ ਅਤੇ ਲੜਕਾ ਜ਼ਖ਼ਮੀ ਹੈ। ਲਾਭ ਸਿੰਘ ਉਗੋਕੇ ਉਪਰ ਕੋਈ ਹਮਲਾ ਨਹੀਂ ਹੋਇਆ, ਇਹ ਦੋਸ਼ ਝੂਠੇ ਹਨ।