ਚਰਨੋਬਲ ਪਲਾਂਟ ਦੇ ਨਿਗਰਾਨੀ ਪ੍ਰਬੰਧ ਨਾਲ ਸੰਪਰਕ ਟੁੱਟਿਆ


ਵੀੲੇਨਾ, 9 ਮਾਰਚ

ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਨੇ ਚਰਨੋਬਲ ਪਰਮਾਣੂ ਪਾਵਰ ਪਲਾਂਟ ਵਿੱਚ ਲੱਗੀ ਨਿਗਰਾਨ ਪ੍ਰਣਾਲੀ ਨਾਲ ਰਾਬਤਾ ਟੁੱਟਣ ਦਾ ਦਾਅਵਾ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਨੇ ਕਿਹਾ ਕਿ ਪਲਾਂਟ ਤੋਂ ਆਉਂਦਾ ਡੇਟਾ ਬੰਦ ਹੋ ਗਿਆ ਹੈ। ਰੂਸੀ ਫੌਜਾਂ ਨੇ ਉੱਤਰੀ ਯੂਕਰੇਨ ਸਥਿਤ ਇਸ ਪਲਾਂਟ ‘ਤੇ ਪਿਛਲੇ ਮਹੀਨੇ ਕਬਜ਼ਾ ਕਰ ਲਿਆ ਸੀ। ਏਜੰਸੀ ਨੇ ਪਲਾਂਟ ਵਿੱਚ ਰੂਸੀ ਫੌਜਾਂ ਅਧੀਨ ਕੰਮ ਕਰ ਰਹੇ ਸਟਾਫ਼ ਨੂੰ ਲੈ ਕੇ ਵੱਡੀ ਫ਼ਿਕਰਮੰਦੀ ਜ਼ਾਹਿਰ ਕੀਤੀ ਹੈ।

ਆਈਏਈਏ ਨੇ ਯੂਕਰੇਨ ਦੇ ਪਰਮਾਣੂ ਨਿਗਰਾਨ ਵੱਲੋਂ ਮਿਲੀ ਜਾਣਕਾਰੀ ਦੇ ਹਵਾਲੇ ਨਾਲ ਕਿਹਾ ਕਿ ਚਰਨੋਬਲ ਸਾਈਟ ਮੌਜੂਦਾ ਸਮੇਂ ਬੰਦ ਪਈ ਹੈ ਤੇ ਪਰਮਾਣੂ ਸਮੱਗਰੀ ਦੀ ਸਾਂਭ-ਸੰਭਾਲ ਨਾਲ ਜੁੜੇ ਕੰਮ ਨੂੰ ਰੋਕ ਦਿੱਤਾ ਗਿਆ ਹੈ। ਪਲਾਂਟ ਵਿੱਚ ਬੰਦ ਪਏ ਰਿਐਕਟਰ ਤੇ ਰੇਡੀਓਐਕਟਿਵ ਰਹਿੰਦ-ਖੂੰਹਦ ਹੀ ਪਈ ਹੈ। ਵੀੲੇਨਾ ਅਧਾਰਿਤ ਏਜੰਸੀ ਨੇ ਇਕ ਬਿਆਨ ਵਿੱਚ ਕਿਹਾ ਕਿ ਆਈੲੇਈਏ ਦੇ ਡਾਇਰੈਕਟਰ ਜਨਰਲ ਰਾਫੇਲ ਗਰੌਸੀ ਨੇ ‘ਇਸ਼ਾਰਾ ਕੀਤਾ ਹੈ ਕਿ ਚਰਨੋਬਲ ਪਰਮਾਣੂ ਪਾਵਰ ਪਲਾਂਟ ਵਿੱਚ ਲੱਗੇ ਨਿਗਰਾਨੀ ਪ੍ਰਬੰਧ ਤੋਂ ਟਰਾਂਸਮੀਟ ਹੁੰਦਾ ਡੇਟਾ ਰੁਕ ਗਿਆ ਹੈ।” ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ‘ਏਜੰਸੀ ਯੂਕਰੇਨ ਵਿੱਚ ਹੋਰਨਾਂ ਟਿਕਾਣਿਆਂ ‘ਤੇ ਸੁਰੱਖਿਆ ਨਾਲ ਜੁੜੀ ਨਿਗਰਾਨ ਪ੍ਰ੍ਰਣਾਲੀ ਦੀ ਸਥਿਤੀ ਨੂੰ ਵੇਖ ਰਹੀ ਹੈ ਤੇ ਜਲਦੀ ਹੀ ਅਗਲੇਰੀ ਜਾਣਕਾਰੀ ਦਿੱਤੀ ਜਾਵੇਗੀ।” ਏਜੰਸੀ ਨੇ ਕਿਹਾ ਕਿ ਉਸ ਨੂੰ ਯੂਕਰੇਨੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਚਰਨੋਬਲ ਪਰਮਾਣੂ ਪਾਵਰ ਪਲਾਂਟ ਦੇ ‘ਸੁਰੱਖਿਅਤ ਪ੍ਰਬੰਧਨ’ ਲਈ ਉਥੋਂ ਦੇ ਸਟਾਫ਼ ਨੂੰ ਨਿਯਮਤ ਵਕਫ਼ੇ ‘ਚ ਬਦਲਣਾ ਬਹੁਤ ਜ਼ਰੂਰੀ ਹੈ। ਅਧਿਕਾਰੀਆਂ ਮੁਤਾਬਕ ਪਲਾਂਟ ‘ਤੇ ਰੂਸੀ ਫੌਜਾਂ ਦੇ ਕੰਟਰੋਲ ਮਗਰੋਂ ਪਿਛਲੇ ਦੋ ਹਫ਼ਤਿਆਂ ਤੋਂ 210 ਕਰਮੀ ਉਥੇ ਕੰਮ ਕਰ ਰਹੇ ਹਨ। ਆਈਏਈਏ ਨੇ ਕਿਹਾ ਕਿ ਕਰਮਚਾਰੀ ਪਿਛਲੇ 13 ਦਿਨਾਂ ਤੋਂ ਵਿਸ਼ਵ ਦੇ ਸਭ ਤੋਂ ਵੱਡੇ ਪਰਮਾਣੂ ਹਾਦਸੇ ਵਾਲੀ ਥਾਂ ‘ਤੇ ਪ੍ਰਭਾਵੀ ਢੰਗ ਨਾਲ ਰਹਿ ਰਹੇ ਹਨ ਤੇ ਉਨ੍ਹਾਂ ਦੀ ਭੋਜਨ, ਪਾਣੀ ਤੇ ਦਵਾਈ ਤੱਕ ਸੀਮਤ ਪਹੁੰਚ ਹੈ ਤੇ ਉਨ੍ਹਾਂ ਦੀ ਸਥਿਤੀ ‘ਵਿਗੜ’ ਰਹੀ ਹੈ। ਗਰੌਸੀ ਨੇ ਕਿਹਾ, ”ਮੈਂ ਚਰਨੋਬਲ ਪਰਮਾਣੂ ਪਾਵਰ ਪਲਾਂਟ ਵਿੱਚ ਕਰਮੀਆਂ ਨੂੰ ਦਰਪੇਸ਼ ਮੁਸ਼ਕਲਾਂ ਤੇ ਤਣਾਪੂਰਨ ਸਥਿਤੀ ਅਤੇ ਪਰਮਾਣੂ ਸੁਰੱਖਿਆ ਨਾਲ ਜੁੜੇ ਸੰਭਾਵੀ ਖਤਰਿਆਂ ਨੂੰ ਲੈ ਕੇ ਫ਼ਿਕਰਮੰਦ ਹਾਂ।” ਗਰੌਸੀ ਨੇ ਕਿਹਾ ਕਿ ਉਹ ਪਲਾਂਟ ਦੀ ਸੁਰੱਖਿਆ ਲਈ ਉਥੇ ਜਾਣ ਲਈ ਵੀ ਤਿਆਰ ਹਨ। ਗਰੌਸੀ ਮੁਤਾਬਕ ਯੂਕਰੇਨ ਦੇ 15 ਪਰਮਾਣੂ ਪਾਵਰ ਪਲਾਂਟਾਂ ‘ਚੋਂ ਅੱਠ ਇਸ ਵੇਲੇ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚ ਜ਼ਪੋਰੀਜ਼ਜ਼ੀਆ ‘ਚ ਚਲਦੇ ਦੋ ਪਲਾਂਟ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਰੂਸੀ ਫੌਜ ਨੇ ਪਿਛਲੇ ਹਫ਼ਤੇ ਕਬਜ਼ਾ ਕਰ ਲਿਆ ਸੀ। -ਪੀਟੀਆਈ

ਚਰਨੋਬਲ ਨੂੰ ਬਿਜਲੀ ਸਪਲਾਈ ਕਰਨ ਵਾਲਾ ਗਰਿੱਡ ਨੁਕਸਾਨਿਆ

ਲਵੀਵ: ਯੂਕਰੇਨੀ ਅਥਾਰਿਟੀਜ਼ ਨੇ ਕਿਹਾ ਕਿ ਚਰਨੋਬਲ ਪਰਮਾਣੂ ਪਾਵਰ ਪਲਾਂਟ ਨੂੰ ਬਿਜਲੀ ਸਪਲਾਈ ਕਰਨ ਵਾਲਾ ਗਰਿੱਡ ਨੁਕਸਾਨਿਆ ਗਿਆ ਹੈ, ਜਿਸ ਕਰਕੇ ਪਲਾਂਟ ਨੂੰ ਐਮਰਜੈਂਸੀ ਜੈਨਰੇਟਰਾਂ ਜ਼ਰੀਏ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਚਰਨੋਬਲ ਪਲਾਂਟ ਦੀ ਬਿਜਲੀ ਸਪਲਾਈ ਕੱਟੀ ਜਾਣ ਨਾਲ ਪਰਮਾਣੂ ਸਮੱਗਰੀ ਨੂੰ ਠੰਢਾ ਰੱਖਣ ਵਾਲੇ ਪ੍ਰਬੰਧ ਲਈ ਵੱਡਾ ਜੋਖ਼ਮ ਖੜਾ ਹੋ ਸਕਦਾ ਹੈ। ਪਰਮਾਣੂ ਪਲਾਂਟ ਨੂੰ ਜਾਂਦੀ ਪਾਵਰ ਲਾਈਨ ਨੁਕਸਾਨੇ ਜਾਣ ਦੇ ਕਾਰਨਾਂ ਬਾਰੇ ਭਾਵੇਂ ਫੌਰੀ ਪਤਾ ਨਹੀਂ ਲੱਗ ਸਕਿਆ, ਪਰ ਇਹ ਸਭ ਕੁਝ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਹਮਲੇ ਮਗਰੋਂ ਵਾਪਰਿਆ ਹੈ। ਯੂਕਰੇਨੀ ਗਰਿੱਡ ਚਲਾਉਣ ਵਾਲੇ ਯੂਕਰੇਨੇਰੋ ਨੇ ਕਿਹਾ ਕਿ ਕੌਮੀ ਪਰਮਾਣੂ ਰੈਗੂਲੇਟਰ ਮੁਤਾਬਕ ਚਰਨੋਬਲ ਪਲਾਂਟ ਵਿੱਚ ਬਿਜਲੀ ਨਹੀਂ ਹੈ ਤੇ ਡੀਜ਼ਲ ਜਨਰੇਟਰਾਂ ਵਿੱਚ 48 ਘੰਟਿਆਂ ਲਈ ਈਂਧਣ ਬਚਿਆ ਹੈ। ਬਿਨਾਂ ਬਿਜਲੀ ਸਪਲਾਈ ਦੇ ‘ਪਰਮਾਣੂ ਮਾਪਦੰਡਾਂ ਤੇ ਰੈਡੀਏਸ਼ਨ ਤੋਂ ਸੁਰੱਖਿਆ’ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਕਿਹਾ ਕਿ ਚਰਨੋਬਲ ਨੂੰ ਬਿਜਲੀ ਸਪਲਾਈ ਕਰਨ ਵਾਲਾ ਗਰਿੱਡ ਨੁਕਸਾਨਿਆ ਗਿਆ ਹੈ ਤੇ ਉਨ੍ਹਾਂ ਮੁਰੰਮਤ ਲਈ ਗੋਲਬੰਦੀ ਦਾ ਸੱਦਾ ਦਿੱਤਾ ਹੈ। -ੲੇਪੀSource link