ਪੱਤਰ ਪ੍ਰੇਰਕ
ਰੂਪਨਗਰ, 13 ਮਾਰਚ
ਅੱਜ ਇੱਥੇ ਭੱਠਾ ਸਾਹਿਬ ਚੌਕ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਰੇਤੇ ਨਾਲ ਲੱਦੇ ਤੇਜ਼ ਰਫਤਾਰ ਟਿੱਪਰ ਨੇ ਐਕਟਿਵਾ ਸਵਾਰ ਵਿਅਕਤੀ ਨੂੰ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਸਿਟੀ ਰੂਪਨਗਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰਮਿੰਦਰ ਸਿੰਘ ਉਰਫ ਭਿੰਦਾ (55) ਪੁੱਤਰ ਅਰਜਨ ਸਿੰਘ ਵਾਸੀ ਕੋਟਲਾ ਨਿਹੰਗ ਦੇਰ ਸ਼ਾਮ ਰੂਪਨਗਰ ਵਾਲੀ ਸਾਈਡ ਤੋਂ ਆਪਣੇ ਘਰ ਪਰਤ ਰਿਹਾ ਸੀ। ਜਦੋਂ ਉਹ ਭੱਠਾ ਸਾਹਿਬ ਚੌਕ ਨੇੜੇ ਪੁੱਜਿਆ ਤਾਂ ਪਿੱਛੋਂ ਆਏ ਰੇਤੇ ਦੇ ਭਰੇ ਤੇਜ਼ ਰਫਤਾਰ ਟਿੱਪਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਕਾਰਨ ਐਕਟਿਵਾ ਚਾਲਕ ਟਿੱਪਰ ਹੇਠ ਆ ਕੇ ਕੁਚਲਿਆ ਗਿਆ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸੇ ਕਾਰਨ ਇਲਾਕੇ ਵਿੱਚ ਗ਼ਮ ਦਾ ਮਾਹੌਲ ਹੈ।