ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਮਰ ਕੱਸੀ

ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਮਰ ਕੱਸੀ


ਆਤਿਸ਼ ਗੁਪਤਾ
ਚੰਡੀਗੜ੍ਹ, 17 ਮਾਰਚ

ਮੁੱਖ ਅੰਸ਼

  • ਪੰਜਾਬ ਦੇ ਲੋਕ ਵੀਡੀਓ ਜਾਂ ਆਡੀਓ ਭੇਜ ਕੇ ਭ੍ਰਿਸ਼ਟ ਅਫਸਰਾਂ ਖ਼ਿਲਾਫ਼ ਕਰ ਸਕਣਗੇ ਸ਼ਿਕਾਇਤ
  • ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਸਰਕਾਰ ਕਰੇਗੀ ਕਾਰਵਾਈ: ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੇ ਹੀ ਦਿਨ ਸੂਬੇ ‘ਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵੱਡਾ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ ਦਿੱਲੀ ਦੀ ਤਰਜ਼ ‘ਤੇ ਪੰਜਾਬ ਵਿੱਚ ਵੀ ‘ਭ੍ਰਿਸ਼ਟਾਚਾਰ ਰੋਕੂ ਹੈਲਪਲਾਈਨ’ ਨੰਬਰ ਜਾਰੀ ਕੀਤਾ ਜਾਵੇਗਾ ਜਿਸ ‘ਤੇ ਲੋਕ ਰਿਸ਼ਵਤ ਮੰਗਣ ਵਾਲੇ ਅਧਿਕਾਰੀਆਂ ਦੀ ਆਡੀਓ ਜਾਂ ਵੀਡੀਓ ਭੇਜ ਸਕਣਗੇ। ਉਸ ਦੀ ਜਾਂਚ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਹੈਲਪਲਾਈਨ ਨੰਬਰ ਮੁੱਖ ਮੰਤਰੀ ਦਾ ਨਿੱਜੀ ਨੰਬਰ ਹੋਵੇਗਾ, ਜਿਸ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ ਨੂੰ ਜਾਰੀ ਕੀਤਾ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ ਅਤੇ ਹੁਣ ਸੂਬੇ ਨੂੰ ਸੰਵਾਰਨ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ (ਆਪ) ਦੀ ਹੈ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹਰ ਪਾਸੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਜਿਸ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਹੈ। ਸਮਾਜ ਵਿੱਚ ਪੱਸਰੇ ਭ੍ਰਿਸ਼ਟਾਚਾਰ ਦਾ ਖਾਤਮਾ ਜ਼ਰੂਰੀ ਹੈ। ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 99 ਫ਼ੀਸਦ ਅਧਿਕਾਰੀ ਇਮਾਨਦਾਰ ਹਨ ਜਦਕਿ ਇਕ ਫ਼ੀਸਦ ਅਧਿਕਾਰੀ ਹੀ ਬੇਈਮਾਨ ਹਨ। ਇਕ ਫ਼ੀਸਦ ਭ੍ਰਿਸ਼ਟ ਅਧਿਕਾਰੀਆਂ ਕਰਕੇ 99 ਫ਼ੀਸਦ ਇਮਾਨਦਾਰ ਅਧਿਕਾਰੀਆਂ ਨੂੰ ਬਦਨਾਮ ਨਹੀਂ ਹੋਣ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ, ‘ਮੈਂ ਇਮਾਨਦਾਰ ਅਧਿਕਾਰੀਆਂ ਦੇ ਨਾਲ ਖੜ੍ਹਾ ਹਾਂ।’

ਮੁੱਖ ਮੰਤਰੀ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੂੰ ਵੀ ਪੁਰਾਣੀਆਂ ਸਰਕਾਰਾਂ ਨੇ ਪੈਸੇ ਕਮਾਉਣ ਦਾ ਜ਼ਰੀਆ ਬਣਾ ਰੱਖਿਆ ਸੀ ਪਰ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦਾ ਕੋਈ ਵੀ ਆਗੂ ਪੁਲੀਸ ਵਾਲਿਆਂ ਨੂੂੰ ਪੈਸਿਆਂ ਲਈ ਫੋਨ ਨਹੀਂ ਕਰੇਗਾ ਅਤੇ ਨਾ ਹੀ ਤਬਾਦਲੇ ਲਈ ਤੰਗ ਪ੍ਰੇਸ਼ਾਨ ਕਰੇਗਾ। ਹੁਣ ਹਫ਼ਤਾ ਵਸੂਲੀ ਲਈ ਕੋਈ ਵੀ ਆਗੂ ਅਧਿਕਾਰੀਆਂ ਨੂੰ ਪ੍ਰੇਸ਼ਾਨ ਨਹੀਂ ਕਰੇਗਾ ਅਤੇ ਲੋਕਾਂ ਦੇ ਕੰਮ ਇਮਾਨਦਾਰੀ ਨਾਲ ਹੋਣਗੇ। ਉਨ੍ਹਾਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਅਜਿਹਾ ਪ੍ਰਬੰਧ ਬਣਾਇਆ ਜਾ ਸਕੇ, ਜਿੱਥੇ ਲੋਕਾਂ ਦੇ ਕੰੰਮ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਹੋ ਸਕਣ। ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਦਿੱਲੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਦੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ 49 ਦਿਨਾਂ ਦੀ ਸਰਕਾਰ ਬਣੀ ਸੀ ਤਾਂ ਅਰਵਿੰਦ ਕੇਜਰੀਵਾਲ ਨੇ ‘ਭ੍ਰਿਸ਼ਟਾਚਾਰ ਰੋਕੂ ਹੈਲਪਲਾਈਨ’ ਨੰਬਰ ਜਾਰੀ ਕੀਤਾ ਸੀ। ਉਸ ਦੇ ਨਤੀਜੇ ਵਜੋਂ ਅੱਜ ਦਿੱਲੀ ਵਿੱਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਵਿਧਾਇਕ ਵੀਰਵਾਰ ਨੂੰ ਵਿਧਾਨ ਸਭਾ ਦੇ ਇਜਲਾਸ ‘ਚ ਹਾਜ਼ਰੀ ਭਰਦੇ ਹੋਏ। -ਫੋਟੋ: ਪ੍ਰਦੀਪ ਤਿਵਾੜੀ

ਮੁੱਖ ਮੰਤਰੀ ਤੋਂ ਬਾਅਦ ਮਹਿਲਾ ਵਿਧਾਇਕਾਂ ਨੇ ਚੁੱਕੀ ਸਹੁੰ

ਦਵਿੰਦਰ ਪਾਲ
ਚੰਡੀਗੜ੍ਹ, 17 ਮਾਰਚ

ਮੁੱਖ ਅੰਸ਼

  • ਰਾਣਾ ਗੁਰਜੀਤ, ਰਾਣਾ ਇੰਦਰਪ੍ਰਤਾਪ ਸਿੰਘ, ਅਸ਼ਵਨੀ ਸ਼ਰਮਾ ਤੇ ਗੁਨੀਵ ਮਜੀਠੀਆ ਰਹੇ ਗ਼ੈਰ-ਹਾਜ਼ਰ
  • ਤਿੰਨ ਮੈਂਬਰਾਂ ਨੇ ਹਿੰਦੀ ‘ਚ ਚੁੱਕੀ ਸਹੁੰ

ਪੰਜਾਬ ਵਿਧਾਨ ਸਭਾ ਦੇ ਪ੍ਰੋਟੈੱਮ ਸਪੀਕਰ ਇੰਦਰਬੀਰ ਸਿੰਘ ਨਿੱਝਰ ਨੇ ਅੱਜ 16ਵੀਂ ਵਿਧਾਨ ਸਭਾ ਦੇ ਪਲੇਠੇ ਸੈਸ਼ਨ ਦੇ ਪਹਿਲੇ ਦਿਨ ਸਦਨ ਦੇ ਮੈਂਬਰਾਂ ਨੂੰ ਵਿਧਾਇਕ ਵਜੋਂ ਹਲਫ ਦਿਵਾਇਆ। ਸਭ ਤੋਂ ਪਹਿਲਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕੀ। ਇਸ ਮਗਰੋਂ ਸਾਰੀਆਂ ਪਾਰਟੀਆਂ ਦੀਆਂ ਮਹਿਲਾ ਵਿਧਾਇਕਾਂ ਨੂੰ ਹਲਫ ਦਿਵਾਇਆ ਗਿਆ। ‘ਆਪ’ ਨਾਲ ਸਬੰਧਤ ਦੋ ਦਰਜਨ ਦੇ ਕਰੀਬ ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਕਸ਼ੇ ਕਦਮਾਂ ਦੇ ਚਲਦਿਆਂ ਹਲਫ ਲੈਣ ਤੋਂ ਬਾਅਦ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਾਇਆ। ਤਿੰਨ ਕੁ ਮੈਂਬਰਾਂ ਨੇ ਹਿੰਦੀ ਅਤੇ ਬਾਕੀ ਮੈਂਬਰਾਂ ਨੇ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕੀ। ਕਾਂਗਰਸ ਦੇ ਰਾਣਾ ਗੁਰਜੀਤ ਸਿੰਘ, ਰਾਣਾ ਇੰਦਰਪ੍ਰਤਾਪ ਸਿੰਘ (ਆਜ਼ਾਦ), ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗੁਨੀਵ ਮਜੀਠੀਆ ਨੇ ਅੱਜ ਹਲਫ ਨਹੀਂ ਲਿਆ। ਇਹ ਵਿਧਾਇਕ ਸਦਨ ਦੀ ਕਾਰਵਾਈ ਦੌਰਾਨ ਗੈਰ ਹਾਜ਼ਰ ਸਨ। ਪ੍ਰੋਟੈੱਮ ਸਪੀਕਰ ਵੱਲੋਂ ਰਹਿੰਦੇ ਵਿਧਾਇਕਾਂ ਨੂੰ ਸੋਮਵਾਰ ਹਲਫ ਦਿਵਾਇਆ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਤਿੰਨ ਰੋਜ਼ਾ ਸੈਸ਼ਨ ਦੇ ਪਹਿਲੇ ਦਿਨ ਅੱਜ ਸਦਨ ਦਾ ਅੰਦਰ ਅਤੇ ਬਾਹਰ ਦਾ ਮਾਹੌਲ ਪਹਿਲਾਂ ਨਾਲੋਂ ਕੁਝ ਵੱਖਰਾ ਸੀ। ਸੂਬੇ ਦੀ 16ਵੀਂ ਵਿਧਾਨ ਸਭਾ ਦੇ ਨਵੇਂ ਵਿਧਾਇਕਾਂ ਨੇ ਲੰਮੇ ਸਮੇਂ ਤੋਂ ਸਦਨ ਦੇ ਮੈਂਬਰ ਚਲੇ ਆ ਰਹੇ ਸਿਆਸਤਦਾਨਾਂ ਦੀ ਥਾਂ ਲੈ ਲਈ ਹੈ। ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਵਿਧਾਇਕ ਸਦਨ ਦੇ ਬਾਹਰ ਮੁਲਾਜ਼ਮਾਂ, ਆਮ ਲੋਕਾਂ ਅਤੇ ਮੀਡੀਆ ਲਈ ਖਿੱਚ ਦੇ ਕੇਂਦਰ ਬਣੇ ਹੋਏ ਸਨ। ਸੂਬੇ ਦੀ ਵਿਧਾਨ ਸਭਾ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਵੱਡੀ ਗਿਣਤੀ ਵਿਧਾਇਕ ਪਹਿਲੀ ਵਾਰੀ ਹੀ ਸਦਨ ਦੇ ਮੈਂਬਰ ਨਹੀਂ ਬਣੇ ਸਗੋਂ ਉਹ ਵੱਖ-ਵੱਖ ਖਿੱਤਿਆਂ ਨਾਲ ਸਬੰਧਤ ਅਤੇ ਕਿੱਤਾ ਮਾਹਿਰ ਵੀ ਹਨ। ਸਦਨ ਵਿੱਚ ਪਹੁੰਚੇ ਮੁੱਖ ਮੰਤਰੀ ਸਮੇਤ ‘ਆਪ’ ਦੇ ਜ਼ਿਆਦਾਤਰ ਵਿਧਾਇਕਾਂ ਨੇ ਬਸੰਤੀ ਰੰਗ ਦੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ ਤੇ ਮਹਿਲਾ ਵਿਧਾਇਕਾਂ ਨੇ ਬਸੰਤੀ ਰੰਗ ਦੀਆਂ ਚੁੰਨੀਆਂ ਲਈਆਂ ਹੋਈਆਂ ਸਨ। ‘ਆਪ’ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਵੀ ਦਰਸ਼ਕ ਗੈਲਰੀਆਂ ਵਿੱਚ ਬੈਠੇ ਹੋਏ ਸਨ। ‘ਆਪ’ ਦੇ ਪਹਿਲੀ ਵਾਰੀ ਸੱਤਾ ਵਿੱਚ ਆਉਣ ਕਾਰਨ ਵਿਧਾਇਕਾਂ ਦੇ ਹਮਾਇਤੀ ਵੀ ਵੱਡੀ ਗਿਣਤੀ ਵਿਧਾਨ ਸਭਾ ਵਿੱਚ ਪਹੁੰਚੇ। ਵਿਧਾਇਕਾਂ ਦੇ ਹਮਾਇਤੀ ਵਿਧਾਨ ਸਭਾ ਦੇ ਅਮਲੇ ਨਾਲ ਕਈ ਥਾਈਂ ਉਲਝਦੇ ਵੀ ਦਿਖਾਈ ਦੇ ਰਹੇ ਸਨ। ਵਿਧਾਨ ਸਭਾ ਦੇ ਪਲੇਠੇ ਸੈਸ਼ਨ ਦਾ ਪਹਿਲਾ ਦਿਨ ਸੀ। ਇਸ ਲਈ ਸੁਰੱਖਿਆ ਅਮਲੇ ਤੇ ਵਿਧਾਨ ਸਭਾ ਦੇ ਸਟਾਫ ਨੂੰ ਵਿਧਾਇਕਾਂ ਦੀ ਪਛਾਣ ਕਰਨ ਵਿੱਚ ਵੀ ਮੁਸ਼ਕਿਲ ਆਈ ਅਤੇ ਸੁਰੱਖਿਆ ਅਮਲੇ ਵੱਲੋਂ ਪੁੱਛ ਪੜਤਾਲ ਤੋਂ ਬਾਅਦ ਹੀ ਵਿਧਾਇਕਾਂ ਨੂੰ ਅੱਗੇ ਵਧਣ ਦਿੱਤਾ ਗਿਆ। ਸਦਨ ਵਿੱਚ ਜਦੋਂ ਹਲਫ਼ਦਾਰੀ ਰਸਮ ਚੱਲ ਰਹੀ ਸੀ ਤਾਂ ਕਈ ਵਿਧਾਇਕ ਤੇ ਦਰਸ਼ਕ ਗੈਲਰੀਆਂ ਵਿੱਚ ਬੈਠੇ ਵਿਧਾਇਕਾਂ ਦੇ ਪਰਿਵਾਰਾਂ ਦੇ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਵਿਧਾਨ ਸਭਾ ਦੇ ਅਮਲੇ ਨੇ ਰੋਕਿਆ ਅਤੇ ਸਦਨ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਰਜਿਤ ਹੋਣ ਬਾਰੇ ਦੱਸਿਆ। ਆਮ ਆਦਮੀ ਪਾਰਟੀ ਦੇ ਤਕਰੀਬਨ ਸਾਰੇ ਹੀ ਵਿਧਾਇਕਾਂ ਨੇ ਸਹੁੰ ਚੁੱਕ ਲਈ ਹੈ। ਪ੍ਰੋਟੈੱਮ ਸਪੀਕਰ ਨੇ ਹਲਫਦਾਰੀ ਰਸਮ ਪੂਰੀ ਹੋਣ ਤੋਂ ਬਾਅਦ ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ। ਵਿਧਾਨ ਸਭਾ ਵੱਲੋਂ ਜਾਰੀ ਪ੍ਰੋਗਰਾਮ ਮੁਤਾਬਕ ਸੋਮਵਾਰ ਨੂੰ ਸਦਨ ਵਿੱਚ ਰਾਜਪਾਲ ਵੱਲੋਂ ਭਾਸ਼ਨ ਪੜ੍ਹਿਆ ਜਾਵੇਗਾ ਜੋ ‘ਆਪ’ ਸਰਕਾਰ ਦਾ ਪਲੇਠਾ ਭਾਸ਼ਣ ਹੋਵੇਗਾ। ਇਸੇ ਦਿਨ ਸਪੀਕਰ ਦੀ ਚੋਣ ਕੀਤੀ ਜਾਵੇਗੀ ਤੇ ਵਿਛੜੀਆਂ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ।

ਨਾਭਾ ਤੋਂ ਸਾਈਕਲ ‘ਤੇ ਵਿਧਾਨ ਸਭਾ ਪੁੱਜੇ ‘ਆਪ’ ਵਿਧਾਇਕ ਦੇਵ ਮਾਨ

ਚੰਡੀਗੜ੍ਹ (ਟਨਸ): ਵਿਧਾਨ ਸਭਾ ਹਲਕਾ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ (ਦੇਵ ਮਾਨ) ਸਾਈਕਲ ‘ਤੇ ਵਿਧਾਨ ਸਭਾ ਪਹੁੰਚੇ ਸਨ ਜਿਨ੍ਹਾਂ ਭਵਿੱਖ ਵਿੱਚ ਵੀ ਨਾਭਾ ਵਾਸੀਆਂ ਦੀ ਸੇਵਾ ਲਈ ਸਾਈਕਲ ਦੀ ਵਰਤੋਂ ਕਰਨ ਦੀ ਗੱਲ ਕਹੀ ਹੈ। ਨਾਭਾ ਤੋਂ ਵਿਧਾਇਕ ਦੇਵ ਮਾਨ ਸਾਈਕਲ ਰਾਹੀਂ ਨਾਭਾ ਤੋਂ ਚੰਡੀਗੜ੍ਹ ਤੱਕ 80 ਕਿਲੋਮੀਟਰ ਸਾਈਕਲ ਚਲਾ ਕੇ ਹੀ ਪਹੁੰਚੇ ਸਨ। ਉਹ ਸਵੇਰੇ 6 ਵਜੇ ਨਾਭਾ ਤੋਂ ਸਾਈਕਲ ‘ਤੇ ਚੱਲੇ ਤੇ ਸਰਹਿੰਦ, ਫਤਹਿਗੜ੍ਹ ਸਾਹਿਬ ਤੋਂ ਹੁੰਦੇ ਹੋਏ 10.30 ਵਜੇ ਦੇ ਕਰੀਬ ਪੰਜਾਬ ਵਿਧਾਨ ਸਭਾ ਪਹੁੰਚੇ ਸਨ। ਉਨ੍ਹਾਂ ਦਾ ਰਾਹ ‘ਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਵਾਗਤ ਕੀਤਾ ਹੈ।



Source link