ਨਵੀਂ ਦਿੱਲੀ, 22 ਮਾਰਚ
ਰਾਜ ਸਭਾ ਵਿੱਚ ਅੱਜ ਵਿਰੋਧੀ ਧਿਰ ਦੇ ਮੈਂਬਰਾਂ ਨੇ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਣ ਮਗਰੋਂ ਆਮ ਹਾਲਾਤ ਬਹਾਲ ਹੋਣ ਦੇ ਸਰਕਾਰ ਦੇ ਦਾਅਵਿਆਂ ‘ਤੇ ਸਵਾਲ ਉਠਾਉਂਦਿਆਂ ਪੁੱਛਣਾ ਚਾਹਿਆ ਕਿ ਜੇਕਰ ਅਜਿਹੀ ਹੀ ਗੱਲ ਸੀ ਤਾਂ ਉਥੋਂ ਉੱਜੜ ਚੁੱਕੇ ਕਸ਼ਮੀਰੀ ਪੰਡਿਤਾਂ ਦੀ ਅੱਜ ਤੱਕ ਵਾਦੀ ਵਿੱਚ ਵਾਪਸੀ ਕਿਉਂ ਨਹੀਂ ਹੋ ਸਕੀ? ਵਿਰੋਧੀ ਧਿਰ ਦੇ ਮੈਂਬਰਾਂ ਨੇ ਸੂਬੇ ਵਿੱਚ ਜਮਹੂਰੀਅਤ ਢੰਗ ਨਾਲ ਚੁਣੀ ਗਈ ਸਰਕਾਰ ਨਾਲ ਹੀ ਰਾਜ ਦਾ ਦਰਜਾ ਬਹਾਲ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਣ ਮਗਰੋਂ ਅਤਿਵਾਦ ਤੇ ਪੱਥਰਬਾਜ਼ੀ ਘੱਟ ਹੋਣ ਤੇ ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਪਹਿਲੀ ਵਾਰ ਇਹ ਸੰਭਵ ਹੋ ਸਕਿਆ ਕਿ ਸੂਬੇ ਵਿੱਚ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕੀਆਂ। ਚਰਚਾ ਵਿੱਚ ਹਿੱਸਾ ਲੈਂਦਿਆਂ ਕਾਂਗਰਸ ਦੇ ਵਿਵੇਕ ਤਨਖਾ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਪਿਛਲੇ ਛੇ ਸਾਲਾਂ ਤੋਂ ਜਾਂ ਤਾਂ ਰਾਜਪਾਲ ਸ਼ਾਸਨ ਚੱਲ ਰਿਹਾ ਹੈ ਜਾਂ ਰਾਸ਼ਟਰਪਤੀ ਰਾਜ।