ਸੰਦੀਪ ਦੀਕਸ਼ਤ
ਨਵੀਂ ਦਿੱਲੀ, 23 ਮਾਰਚ
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵੀਰਵਾਰ ਨੂੰ ਇੱਥੇ ਭਾਰਤ ਦੇ ਦੋ ਰੋਜ਼ਾ ਦੌਰੇ ‘ਤੇ ਆ ਰਹੇ ਹਨ। ਉਨ੍ਹਾਂ ਦੀ ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਰੂਸ-ਯੂਕਰੇਨ ਬਾਰੇ ਭਾਰਤ ਦਾ ਰੁਖ਼ ਬਦਲਣ ਲਈ ਪੱਛਮੀ ਮੁਲਕਾਂ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ। ਸੂਤਰਾਂ ਨੇ ਇਸ ਮੁੱਦੇ ‘ਤੇ ਚੁੱਪ ਵੱਟੀ ਹੋਈ ਹੈ ਕਿ ਕੀ ਇਸ ਯਾਤਰਾ ਨਾਲ ਸਰਹੱਦੀ ਤਣਾਅ ਖ਼ਤਮ ਹੋ ਜਾਵੇਗਾ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ਨਾਲ ਹੋਰ ਅਹਿਮ ਮੁੱਦਿਆਂ ‘ਤੇ ਗੱਲਬਾਤ ਕਰਨ ਲਈ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਪੇਈਚਿੰਗ ਜਾਣ ਦਾ ਰਾਹ ਪੱਧਰਾ ਹੋ ਜਾਵੇਗਾ। ਯੀ ਸਿੱਧੇ ਪਾਕਿਸਤਾਨ ਤੋਂ ਇੱਥੇ ਪਹੁੰਚਣਗੇ, ਜਿੱਥੇ ਉਹ ਇਸਲਾਮਿਕ ਦੇਸ਼ਾਂ ਦੇ ਸੰਗਠਨ (ਓਆਈਸੀ) ਵੱਲੋਂ ਕਰਵਾਏ ਮੰਤਰੀ ਪੱਧਰ ਦੇ ਸੰਮੇਲਨ ਵਿੱਚ ਮੁੱਖ ਮਹਿਮਾਨ ਸਨ। ਯੀ ਆਪਣੀ ਯਾਤਰਾ ਦੇ ਆਖ਼ਰੀ ਦਿਨ ਕਸ਼ਮੀਰ ਮੁੱਦੇ ਬਾਰੇ ਬਿਆਨ ਜਾਰੀ ਕਰ ਸਕਦੇ ਹਨ। ਜੇ ਹਾਲਾਤ ਠੀਕ ਰਹੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਸੰਮੇਲਨ ਵਿੱਚ ਸ਼ਾਮਲ ਹੋ ਸਕਦੇ ਹਨ, ਜੋ ਸ਼ਾਇਦ ਰੂਸ-ਭਾਰਤ-ਚੀਨ ਸੰਮੇਲਨ ਤੋਂ ਬਾਅਦ ਹੋ ਰਿਹਾ ਹੈ।