ਨਵੀਂ ਦਿੱਲੀ, 27 ਮਾਰਚ
ਦਿੱਲੀ ਦੀ ਇੱਕ ਅਦਾਲਤ ਨੇ ਸਾਲ 2005 ਦੇ ਸਤਿਅਮ ਸਿਨੇਮਾ ਤੇ ਲਿਬਰਟੀ ਸਿਨੇਮਾ ਬੰਬ ਧਮਾਕਿਆਂ ਨਾਲ ਸਬੰਧਿਤ ਇੱਕ ਕੇਸ ਵਿੱਚ ਕਥਿਤ ਅਤਿਵਾਦੀ ਜਥੇਬੰਦੀ ‘ਬੱਬਰ ਖਾਲਸਾ ਇੰਟਰਨੈਸ਼ਨਲ’ ਦਾ ਮੈਂਬਰ ਹੋਣ ਤੋਂ ਇੱਕ ਮੁਲਜ਼ਮ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਨਾਲ ਹੀ ਕਿਹਾ ਕਿ ਪੁਲੀਸ ਇਸ ਮਾਮਲੇ ਨੂੰ ਸ਼ੱਕ ਦੇ ਪਰਛਾਵੇਂ ਤੋਂ ਬਾਹਰ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
ਵਧੀਕ ਸੈਸ਼ਨ ਜੱਜ ਧਰਮਿੰਦਰ ਨੇ ਕਿਹਾ, ”ਸੋਚ-ਵਿਚਾਰ ਕਰਨ ਮਗਰੋਂ ਮੇਰੀ ਰਾਇ ਹੈ ਇਸਤਗਾਸਾ ਪੱਖ ਦੇ ਬਿਆਨ ਵਿੱਚ ਸ਼ੱਕ ਦਾ ਪਰਛਾਵਾਂ ਨਜ਼ਰ ਆਉਂਦਾ ਹੈ ਅਤੇ ਰਿਕਾਰਡ ਵਿੱਚ ਮੌਜੂਦ ਸਬੂਤ ਏਨੇ ਠੋਸ ਨਹੀਂ ਕਿ ਮੁਲਜ਼ਮ ਤ੍ਰਿਲੋਚਨ ਸਿੰਘ ਨੂੰ ਯੂਏਪੀਏ (ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ) ਦੀ ਧਾਰਾ 18 (ਅਤਿਵਾਦੀ ਕਾਰਵਾਈ ਲਈ ਸਾਜ਼ਿਸ਼ ਘੜਨਾ) ਤੇ ਧਾਰਾ 20 (ਅਤਿਵਾਦੀ ਜਥੇਬੰਦੀ ਦਾ ਮੈਂਬਰ ਹੋਣਾ) ਤਹਿਤ ਸਜ਼ਾਯੋਗ ਅਪਰਾਧ ਦਾ ਜ਼ਿੰਮੇਵਾਰ ਠਹਿਰਾਇਆ ਜਾਵੇ।” ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਡਰਾਈਵਰ ਤ੍ਰਿਲੋਚਨ ਸਿੰਘ ਨੂੰ ਇਨ੍ਹਾਂ ਧਮਾਕਿਆਂ ਦੇ ਮਾਮਲੇ ਵਿੱਚ ਸਾਲ 2007 ਵਿੱਚ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਕਿਹਾ ਕਿ ਪੁਲੀਸ ਇਹ ਸਾਬਤ ਕਰਨ ਵਿੱਚ ‘ਬੁਰੀ ਤਰ੍ਹਾਂ ਨਾਕਾਮ’ ਰਹੀ ਕਿ ਮੁਲਜ਼ਮ ‘ਬੱਬਰ ਖਾਲਸਾ ਇੰਟਰਨੈਸ਼ਨਲ’ ਦਾ ਮੈਂਬਰ ਸੀ। -ਪੀਟੀਆਈ