ਕੋਲਕਾਤਾ, 29 ਮਾਰਚ
ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਕਾਂਗਰਸ ਸਮੇਤ ਸਾਰੇ ਗੈਰ-ਭਾਜਪਾ ਮੁੱਖ ਮੰਤਰੀਆਂ ਅਤੇ ਵਿਰੋਧੀ ਧਿਰਾਂ ਨੂੰ ਲਿਖੇ ਪੱਤਰ ‘ਚ ਕੇਂਦਰ ਦੀ ਭਾਜਪਾ ਹਕੂਮਤ ਖ਼ਿਲਾਫ਼ ਸਾਂਝੀ ਜੰਗ ਲੜਨ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਸਾਰੀਆਂ ‘ਉਸਾਰੂ ਸੋਚ ਵਾਲੀਆਂ ਤਾਕਤਾਂ’ ਨੂੰ ਸੱਦਾ ਦਿੰਦਿਆਂ ਮਮਤਾ ਨੇ ਭਗਵਾ ਪਾਰਟੀ ਦੇ ਟਾਕਰੇ ਲਈ ਰਣਨੀਤੀ ਬਣਾਉਣ ਵਾਸਤੇ ਮੀਟਿੰਗ ਕਰਨ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕਜੁੱਟ ਅਤੇ ਸਿਧਾਂਤਕ ਤੌਰ ‘ਤੇ ਮਜ਼ਬੂਤ ਵਿਰੋਧੀ ਧਿਰ ਹੀ ਅਜਿਹੀ ‘ਸਰਕਾਰ ਦਾ ਰਾਹ ਪੱਧਰਾ ਕਰੇਗੀ ਜਿਸ ਦੀ ਮੁਲਕ ਨੂੰ ਲੋੜ’ ਹੈ। ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ‘ਤੇ ਬਦਲਾਖੋਰੀ ਦੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ, ਸੀਬੀਆਈ ਅਤੇ ਸੀਵੀਸੀ ਜਿਹੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਦੇਸ਼ ਦੇ ਜਮਹੂਰੀ ਤਾਣੇ-ਬਾਣੇ ‘ਤੇ ਹਮਲੇ ਕੀਤੇ ਜਾ ਰਹੇ ਹਨ ਤਾਂ ਜੋ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਕੇ ਖੁੱਡੇ ਲਾਇਆ ਜਾ ਸਕੇ। ਮਮਤਾ ਵੱਲੋਂ 27 ਮਾਰਚ ਨੂੰ ਚਿੱਠੀ ਲਿਖੀ ਗਈ ਹੈ ਜੋ ਅੱਜ ਸਵੇਰੇ ਮੀਡੀਆ ਨਾਲ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਉਸ ਸਮੇਂ ਹਰਕਤ ‘ਚ ਆਉਂਦੀਆਂ ਹਨ ਜਦੋਂ ਚੋਣਾਂ ਨੇੜੇ ਹੋਣ।
ਉਨ੍ਹਾਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਇਰਾਦਿਆਂ ਨੂੰ ਠੱਲ੍ਹ ਪਾਉਣ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਜਪਾ ਨਿਆਂਪਾਲਿਕਾ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਮਤਾ ਦੀ ਇਹ ਅਪੀਲ ਉਸ ਸਮੇਂ ਆਈ ਹੈ ਜਦੋਂ ਉਸ ਦੀ ਪਾਰਟੀ ਬੀਰਮੂਭ ਹੱਤਿਆ ਕਾਂਡ ਕਾਰਨ ਸਿਆਸੀ ਘੁੰਮਣ-ਘੇਰੀ ‘ਚ ਫਸੀ ਹੋਈ ਹੈ। ਉਧਰ ਪੱਛਮੀ ਬੰਗਾਲ ਭਾਜਪਾ ਦੇ ਤਰਜਮਾਨ ਸਾਮਿਕ ਭੱਟਾਚਾਰੀਆ ਨੇ ਕਿਹਾ ਕਿ ਟੀਐੱਮਸੀ ਦੀਆਂ ਕੌਮੀ ਪੱਧਰ ‘ਤੇ ਪੈਰ ਪਸਾਰਨ ਦੀਆਂ ਆਸਾਂ ‘ਤੇ ਪਾਣੀ ਪੈ ਗਿਆ ਹੈ। ਸੀਨੀਅਰ ਕਾਂਗਰਸ ਆਗੂ ਅਬਦੁੱਲ ਮਨਨ ਨੇ ਦਾਅਵਾ ਕੀਤਾ ਕਿ ਭਾਜਪਾ ਨਾਲ ਟਾਕਰੇ ‘ਚ ਟੀਐੱਮਸੀ ਦੀ ਭਰੋਸੇਯੋਗਤਾ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਟੀਐੱਮਸੀ ਆਗੂ ਨਿਯਮਤ ਤੌਰ ‘ਤੇ ਕਾਂਗਰਸ ਨੂੰ ਭੰਡਦੇ ਸਨ ਪਰ ਹੁਣ ਅਜਿਹਾ ਕੀ ਹੋ ਗਿਆ ਕਿ ਉਹ ਅਚਾਨਕ ਹੀ ਪਾਰਟੀ ਕੋਲ ਪਹੁੰਚ ਕਰ ਰਹੇ ਹਨ। -ਪੀਟੀਆਈ
ਪਵਾਰ ਨੇ ਮਮਤਾ ਨਾਲ ਸਹਿਮਤੀ ਪ੍ਰਗਟਾਈ
ਨਵੀਂ ਦਿੱਲੀ: ਕੇਂਦਰੀ ਏਜੰਸੀਆਂ ਵੱਲੋਂ ਮਾਰੇ ਜਾਂਦੇ ਛਾਪੇ ਵਿਰੋਧੀ ਧਿਰਾਂ ਦੇ ਇਕਜੁੱਟ ਹੋਣ ਦਾ ਜ਼ਰੀਆ ਬਣ ਗਏ ਜਾਪਦੇ ਹਨ। ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਵਿਰੋਧੀ ਧਿਰ ਨੂੰ ਭਾਜਪਾ ਖ਼ਿਲਾਫ਼ ਰਲ ਕੇ ਲੜਨ ਦੀ ਕੀਤੀ ਗਈ ਅਪੀਲ ਦੀ ਹਮਾਇਤ ਕੀਤੀ ਹੈ। ਪਵਾਰ ਤੋਂ ਜਦੋਂ ਮਮਤਾ ਬੈਨਰਜੀ ਵੱਲੋਂ ਗੈਰ-ਭਾਜਪਾ ਮੁੱਖ ਮੰਤਰੀਆਂ ਅਤੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਲਿਖੀ ਗਈ ਚਿੱਠੀ ਬਾਰੇ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ,”ਅਸੀਂ ਭਲਕੇ ਸੰਸਦ ‘ਚ ਇਹ ਮੁੱਦਾ ਉਠਾਵਾਂਗੇ। ਅਸੀਂ ਦੇਖਾਂਗੇ ਕਿ ਸਾਰੇ ਰਲ ਕੇ ਇਸ ਬਾਰੇ ਕੀ ਕੁਝ ਕਰ ਸਕਦੇ ਹਾਂ।” ਇਸ ਤੋਂ ਪਹਿਲਾਂ ਨੈਸ਼ਨਲਿਸਟ ਯੂਥ ਕਾਂਗਰਸ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਵਾਰ ਨੇ ਭਾਜਪਾ ‘ਤੇ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਪਾਰਟੀ ਆਗੂਆਂ ਅਨਿਲ ਦੇਸ਼ਮੁਖ ਅਤੇ ਨਵਾਬ ਮਲਿਕ ‘ਤੇ ਛਾਪਿਆਂ ਦਾ ਹਵਾਲਾ ਦਿੰਦਿਆਂ ਕਿਹਾ,”ਜੋ ਅੱਜ ਸੱਤਾ ‘ਚ ਹਨ, ਉਹ ਸਮਝਦੇ ਹਨ ਕਿ ਜਿਹੜੇ ਉਨ੍ਹਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਨ, ਉਹ ਦੁਸ਼ਮਣ ਹਨ। ਸੀਬੀਆਈ ਅਤੇ ਈਡੀ ਦੀ ਵਰਤੋਂ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਬਦਲਾਖੋਰੀ ਲਈ ਕੀਤੀ ਜਾ ਰਹੀ ਹੈ।” ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਲੋਕਾਂ ਦੀਆਂ ਇੱਛਾਵਾਂ ਵਿਰੁੱਧ ਜਾਂਦਿਆਂ ਭਾਜਪਾ ਦਾ ਰਾਜ ਚਾਹੁੰਦੇ ਹਨ। ਫਿਲਮ ‘ਦਿ ਕਸ਼ਮੀਰ ਫਾਈਲਜ਼’ ਬਾਰੇ ਐੱਨਸੀਪੀ ਮੁਖੀ ਨੇ ਮੋਦੀ ‘ਤੇ ਦੋਸ਼ ਲਾਇਆ ਕਿ ਉਹ ਫਿਲਮ ਦਾ ਪ੍ਰਚਾਰ ਕਰਕੇ ਫਿਰਕੂ ਹਾਲਾਤ ਵਿਗਾੜ ਰਹੇ ਹਨ। -ਪੀਟੀਆਈ
ਮਮਤਾ ਦੇ ਰਾਜ ‘ਚ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ: ਭਾਜਪਾ
ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਬੀਰਭੂਮ ਹੱਤਿਆ ਕਾਂਡ ਲਈ ਵਰ੍ਹਦਿਆਂ ਭਾਜਪਾ ਨੇ ਅੱਜ ਦੋਸ਼ ਲਾਇਆ ਕਿ ਉਸ ਦੇ ਰਾਜ ‘ਚ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ। ਭਾਜਪਾ ਮੁਤਾਬਕ ਉਹ ਆਪਣੇ ਗਲਤ ਕਾਰਿਆਂ ਨੂੰ ਛਿਪਾਉਣ ਲਈ ਹੋਰ ਮੁੱਖ ਮੰਤਰੀਆਂ ਨੂੰ ਚਿੱਠੀਆਂ ਲਿਖ ਰਹੀ ਹੈ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਟੀਐੱਮਸੀ ਵਿਧਾਇਕ ਨਰੇਂਦਰ ਚੱਕਰਵਰਤੀ ਦੇ ਵੀਡੀਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਟੀਐੱਮਸੀ ਦਾ ਕਿਰਦਾਰ ਹੈ। ‘ਪਾਰਟੀ ਰੋਜ਼ ਲੋਕਤੰਤਰ ਦੀ ਹੱਤਿਆ ਕਰਕੇ ਸੂਬੇ ‘ਤੇ ਰਾਜ ਕਰ ਰਹੀ ਹੈ।’ ਪਾਤਰਾ ਨੇ ਕਿਹਾ ਕਿ ਉਹ ਨਿਰਾਸ਼ ਹੋ ਚੁੱਕੀ ਹੈ ਕਿਉਂਕਿ ਉਹ ਯੂਪੀ ‘ਚ ਅਖਿਲੇਸ਼ ਯਾਦਵ ਨਾਲ ਮਿਲ ਕੇ ਭਾਜਪਾ ਨੂੰ ਹਰਾ ਨਹੀਂ ਸਕੀ। -ਪੀਟੀਆਈ