ਸਾਈਬਰ ਹਮਲਿਆਂ ਖ਼ਿਲਾਫ਼ ਭਾਰਤ ਦੀ ਸੁਰੱਖਿਆ ਮਜ਼ਬੂਤ: ਬਿਜਲੀ ਮੰਤਰੀ

ਸਾਈਬਰ ਹਮਲਿਆਂ ਖ਼ਿਲਾਫ਼ ਭਾਰਤ ਦੀ ਸੁਰੱਖਿਆ ਮਜ਼ਬੂਤ: ਬਿਜਲੀ ਮੰਤਰੀ


ਨਵੀਂ ਦਿੱਲੀ/ਪੇਈਚਿੰਗ, 7 ਅਪਰੈਲ

ਬਿਜਲੀ ਮੰਤਰੀ ਆਰ ਕੇ ਸਿੰਘ ਨੇ ਅੱਜ ਕਿਹਾ ਕਿ ਕਿਸੇ ਤਰ੍ਹਾਂ ਦੇ ਸਾਈਬਰ ਹਮਲਿਆਂ ਖ਼ਿਲਾਫ਼ ਮੁਲਕ ਦੀ ਸੁਰੱਖਿਆ ਮਜ਼ਬੂਤ ਹੈ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਚੀਨੀ ਸਰਕਾਰ ਨਾਲ ਸਬੰਧਤ ਹੈਕਰਾਂ ਵੱਲੋਂ ਲੱਦਾਖ ‘ਚ ਬਿਜਲੀ ਗਰਿੱਡ ਨੂੰ ਨਿਸ਼ਾਨਾ ਬਣਾਉਣ ਦੀਆਂ ਰਿਪੋਰਟਾਂ ਆਈਆਂ ਹਨ। ਦਿੱਲੀ ‘ਚ ਪ੍ਰਦੂਸ਼ਣ ਰਹਿਤ ਊਰਜਾ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਦੌਰਾਨ ਆਰ ਕੇ ਸਿੰਘ ਨੇ ਕਿਹਾ,”ਦਸੰਬਰ, ਜਨਵਰੀ ਅਤੇ ਫਰਵਰੀ ‘ਚ ਹੋਏ ਹਮਲਿਆਂ ਦੀ ਜਾਂਚ ਜਾਰੀ ਹੈ। ਹੈਕਰ ਸਫ਼ਲ ਨਹੀਂ ਹੋਏ ਪਰ ਅਸੀਂ ਇਸ ਤੋਂ ਜਾਣੂ ਹਾਂ।” ਮੰਤਰੀ ਨੇ ਕਿਹਾ ਕਿ ਦੇਸ਼ ਦੀ ਬਿਜਲੀ ਸਪਲਾਈ ਪ੍ਰਣਾਲੀ ‘ਤੇ ਹੋਏ ਸ਼ੱਕੀ ਸਾਈਬਰ ਹਮਲਿਆਂ ਖ਼ਿਲਾਫ਼ 2018 ‘ਚ ਕਾਰਵਾਈ ਕੀਤੀ ਗਈ ਸੀ। ‘ਅਸੀਂ ਪ੍ਰੋਟੋਕਾਲ ਤੈਅ ਕੀਤਾ ਸੀ ਅਤੇ ਇਹ ਕੰਮ ਰਿਹਾ ਹੈ। ਅਸੀਂ ਰੋਜ਼ਾਨਾ ਇਸ ਪ੍ਰੋਟੋਕਾਲ ਨੂੰ ਮਜ਼ਬੂਤ ਕਰ ਰਹੇ ਹਾਂ। ਇਸ ਲਈ ਸਾਈਬਰ ਹਮਲਿਆਂ ਖ਼ਿਲਾਫ਼ ਸਾਡੀ ਸੁਰੱਖਿਆ ਮਜ਼ਬੂਤ ਹੈ। ਸਾਨੂੰ ਇਸ ‘ਤੇ ਪੂਰਾ ਇਤਬਾਰ ਹੈ।’ ਕੁਝ ਰਿਪੋਰਟਾਂ ਆਈਆਂ ਹਨ ਕਿ ਚੀਨੀ ਸਰਕਾਰ ਦੇ ਸਪਾਂਸਰਡ ਗਰੁੱਪ ਦੇ ਹੈਕਰਾਂ ਵੱਲੋਂ ਮੁਲਕ ਦੇ ਬਿਜਲੀ ਸੈਕਟਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਹੈਕਰਾਂ ਨੇ ਸਰਹੱਦੀ ਇਲਾਕੇ ਨੇੜੇ ਬਿਜਲੀ ਡਿਸਪੈਚ ਅਤੇ ਗਰਿੱਡ ਕੰਟਰੋਲ ਲਈ ਜ਼ਿੰਮੇਵਾਰ ਸੱਤ ਭਾਰਤੀ ਸੈਂਟਰਾਂ ਨੂੰ ਨਿਸ਼ਾਨਾ ਬਣਾਇਆ ਹੈ। ਹੈਕਰਾਂ ਨੇ ਟਰੋਜਨ ਸ਼ੈਡੋਪੈਡ ਦੀ ਵਰਤੋਂ ਕੀਤੀ ਜਿਸ ਨੂੰ ਚੀਨ ਦੇ ਸੁਰੱਖਿਆ ਮੰਤਰਾਲੇ ਦੇ ਠੇਕੇਦਾਰਾਂ ਵੱਲੋਂ ਵਿਕਸਤ ਕੀਤਾ ਗਿਆ ਹੈ। ਉਧਰ ਪੇਈਚਿੰਗ ‘ਚ ਚੀਨੀ ਸਰਕਾਰ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕੀਤਾ ਹੈ ਕਿ ਹੈਕਰਾਂ ਨੇ ਲੱਦਾਖ ‘ਚ ਭਾਰਤੀ ਬਿਜਲੀ ਗਰਿੱਡ ਨੂੰ ਨਿਸ਼ਾਨਾ ਬਣਾਇਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲੀਜਿਆਨ ਨੇ ਕਿਹਾ ਕਿ ਉਨ੍ਹਾਂ ਸਬੰਧਤ ਰਿਪੋਰਟਾਂ ਦਾ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਵਾਰ ਵਾਰ ਹਰ ਤਰ੍ਹਾਂ ਦੀ ਹੈਕਿੰਗ ਗਤੀਵਿਧੀਆਂ ਦਾ ਵਿਰੋਧ ਕਰਦੇ ਰਹੇ ਹਨ। ‘ਅਸੀਂ ਅਜਿਹੀਆਂ ਗਤੀਵਿਧੀਆਂ ਨੂੰ ਕਦੇ ਵੀ ਉਤਸ਼ਾਹਿਤ ਜਾਂ ਹਮਾਇਤ ਨਹੀਂ ਦਿੰਦੇ ਹਾਂ।’ ਦੇਸ਼ ਦੇ ਥਰਮਲ ਪਲਾਂਟਾਂ ‘ਚ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ ਪੈਦਾ ਹੋਣ ਦੇ ਖ਼ਦਸ਼ੇ ਬਾਰੇ ਆਰ ਕੇ ਸਿੰਘ ਨੇ ਕਿਹਾ ਕਿ ਬਿਜਲੀ ਦੀ ਢੁੱਕਵੀਂ ਉਪਲੱਬਧਤਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਸੂਬਿਆਂ ਨੂੰ ਬਿਜਲੀ ਖ਼ਰੀਦਣ ਲਈ ਪੈਸਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਮੰਗ ਵਧ ਗਈ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਅਰਥਚਾਰਾ 9 ਫ਼ੀਸਦੀ ਦੀ ਦਰ ਨਾਲ ਵਧ-ਫੁੱਲ ਰਿਹਾ ਹੈ। -ਪੀਟੀਆਈ



Source link