ਇੰਡੋਨੇਸ਼ੀਆ: ਚੋਣਾਂ ’ਚ ਦੇਰੀ ਦੀ ਸੰਭਾਵਨਾ ਤੋਂ ਭੜਕੇ ਵਿਦਿਆਰਥੀ

ਇੰਡੋਨੇਸ਼ੀਆ: ਚੋਣਾਂ ’ਚ ਦੇਰੀ ਦੀ ਸੰਭਾਵਨਾ ਤੋਂ ਭੜਕੇ ਵਿਦਿਆਰਥੀ


ਜਕਾਰਤਾ, 11 ਅਪਰੈਲ

ਇੰਡੋਨੇਸ਼ੀਆ ‘ਚ 2024 ਦੀਆਂ ਰਾਸ਼ਟਰਪਤੀ ਚੋਣਾਂ ਮੁਲਤਵੀ ਕੀਤੇ ਜਾਣ ਬਾਰੇ ਫੈਲੀਆਂ ਅਫ਼ਵਾਹਾਂ ਦੇ ਵਿਰੋਧ ‘ਚ ਅੱਜ ਹਜ਼ਾਰਾਂ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤੇ। ਵਿਦਿਆਰਥੀਆਂ ਨੇ ਜਕਾਰਤਾ ‘ਚ ਸੰਸਦੀ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਜਿਥੇ ਪੁਲੀਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਉਂਜ ਰਾਸ਼ਟਰਪਤੀ ਜੋਕੋ ਵਿਡੂਡੂ ਨੇ ਐਤਵਾਰ ਨੂੰ ਇਨ੍ਹਾਂ ਅਫ਼ਵਾਹਾਂ ਨੂੰ ਨਕਾਰਿਆ ਸੀ। ਚੋਣਾਂ ਦੀਆਂ ਤਿਆਰੀਆਂ ਲਈ ਸੱਦੀ ਗਈ ਕੈਬਨਿਟ ਮੀਟਿੰਗ ‘ਚ ਉਨ੍ਹਾਂ ਕਿਹਾ ਕਿ ਇਸ ਬਾਰੇ ਵਿਸਥਾਰ ‘ਚ ਜਾਣਕਾਰੀ ਦੇਣ ਦੀ ਲੋੜ ਹੈ ਕਿ ਸਰਕਾਰ ਚੋਣਾਂ ‘ਚ ਦੇਰੀ ਨਹੀਂ ਕਰ ਰਹੀ ਹੈ। ਜਕਾਰਤਾ ‘ਚ ਅਧਿਕਾਰੀਆਂ ਨੇ ਰਾਸ਼ਟਰਪਤੀ ਭਵਨ ਅਤੇ ਸੰਸਦ ਵੱਲ ਜਾਣ ਵਾਲੀਆਂ ਸੜਕਾਂ ‘ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਹੋਈ ਸੀ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਚੋਣਾਂ ‘ਚ ਨਾ ਤਾਂ ਦੇਰੀ ਕੀਤੀ ਜਾਵੇ ਅਤੇ ਨਾ ਹੀ ਵਿਡੂਡੂ ਨੂੰ ਮੁੜ ਚੋਣਾਂ ਲੜਾਉਣ ਲਈ ਸੰਵਿਧਾਨ ‘ਚ ਸੋਧ ਕੀਤੀ ਜਾਵੇ। ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲੀਸ ‘ਤੇ ਪੱਥਰ ਅਤੇ ਬੋਤਲਾਂ ਵਰ੍ਹਾਉਂਦਿਆਂ ਸੰਸਦ ਭਵਲ ਵੱਲ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਰਾਹ ‘ਚ ਹੀ ਰੋਕ ਦਿੱਤਾ। ਅਜਿਹੇ ਪ੍ਰਦਰਸ਼ਨ ਬਾਂਡੁੰਗ, ਯੋਗਿਆਕਾਰਤਾ, ਮਕਾਸਰ ਅਤੇ ਪੋਂਟੀਆਂਨਕ ਸਮੇਤ ਹੋਰ ਸ਼ਹਿਰਾਂ ‘ਚ ਵੀ ਹੋਏ ਹਨ। -ਏਪੀ



Source link