ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਅਪਰੈਲ
ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਨੇੜਲੇ ਪਿੰਡ ਛਾਜਲੀ ਵਿੱਚ ਅਨਾਜ ਮੰਡੀ ਦਾ ਦੌਰਾ ਕਰਦਿਆਂ ਦਾਅਵਾ ਕੀਤਾ ਕਿ ਮੰਡੀਆਂ ਵਿਚ ਕਣਕ ਦੀ ਖ਼ਰੀਦ ਬਿਲਕੁਲ ਠੀਕ ਚੱਲ ਰਹੀ ਹੈ। ਕਣਕ ਦਾ ਝਾੜ ਕੁਦਰਤੀ ਤੌਰ ‘ਤੇ ਘੱਟ ਹੋਇਆ ਹੈ, ਜਿਸ ਬਾਰੇ ਪੰਜਾਬ ਸਰਕਾਰ ਚਿੰਤਤ ਹੈ। ਮੰਡੀਆਂ ਵਿੱਚੋਂ ਕਿਸਾਨਾਂ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ। ਕੇਂਦਰੀ ਖਰੀਦ ਏਜੰਸੀ ਐੱਫਸੀਆਈ ਨੇ ਕਣਕ ਦੇ ਮਿਆਰ ਬਾਰੇ ਕੁਝ ਸ਼ੱਕ ਜ਼ਾਹਰ ਕੀਤਾ ਹੈ। ਇਸਦੇ ਲਈ ਕੇਂਦਰ ਦੀ ਟੀਮ ਪੰਜਾਬ ਦੀ ਮੰਡੀ ਵਿੱਚ ਸਰਵੇ ਕਰਕੇ ਆਈ ਹੈ। ਜਿਵੇਂ ਹੀ ਕੇਂਦਰ ਸਰਕਾਰ ਆਪਣੀ ਰਿਪੋਰਟ ਪੇਸ਼ ਕਰੇਗੀ ਉਸ ਤੋਂ ਬਾਅਦ ਕਿਸਾਨਾਂ ਦੇ ਨੁਕਸਾਨ ਬਾਰੇ ਵੀ ਸੋਚਿਆ ਜਾਵੇਗਾ। ਜ਼ਿਆਦਾ ਧੁੱਪ ਪੈਣ ਕਾਰਨ ਕਣਕ ਦੇ ਦਾਣੇ ਪਤਲੇ ਪੈ ਗਏ ਹਨ ਇਹ ਕੁਦਰਤੀ ਹੈ ਕਿਸੇ ਨੇ ਜਾਣ ਬੁੱਝ ਕੇ ਨਹੀਂ ਕੀਤਾ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ 18 ਕਰੋੜ ਰੁਪਏ ਦੀਆਂ ਗੱਡੀਆਂ ਖ਼ਰੀਦਣ ਬਾਰੇ ਨਾ ਤਾਂ ਟਰਾਂਸਪੋਰਟ ਵਿਭਾਗ ਨੇ ਕੋਈ ਚਿੱਠੀ ਲਿਖੀ ਹੈ ਨਾ ਹੀ ਕੋਈ ਗੱਲ ਹੈ। ਇਹ ਸਭ ਅਫਵਾਹਾਂ ਹਨ। ਕੈਬਨਿਟ ਮੰਤਰੀ ਚੀਮਾ ਨੇ ਸਿੱਧੂ ਮੂਸੇਵਾਲਾ ਦੇ ਗਾਣੇ ਬਾਰੇ ਦਿੰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰਨ ਵਾਲੇ ਗਾਣੇ ਗਾ ਰਹੇ ਹਨ।ਖਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਈਡੀ ਨੂੰ ਸਹਿਯੋਗ ਨਾ ਦੇਣ ਦਾ ਮਤਲਬ ਉਹ ਦੋਸ਼ੀ ਹਨ,ਜਿਸ ਕਰਕੇ ਇਸ ਤੋਂ ਭੱਜ ਰਹੇ ਹਨ।