ਰੈਲ ਖੱਡ ਵਿੱਚ ਡੀ-ਸਿਲਟਿੰਗ ਦਾ ਕੰਮ ਜ਼ੋਰਾਂ ’ਤੇ


ਜਗਮੋਹਨ ਸਿੰਘ

ਰੂਪਨਗਰ, 17 ਅਪਰੈਲ

ਜਿੱਥੇ ਰੂਪਨਗਰ ਅਤੇ ਮੁਹਾਲੀ ਜ਼ਿਲ੍ਹੇ ਅੰਦਰ ਖਣਨ ਠੇਕੇਦਾਰਾਂ ਵੱਲੋਂ ਵਿਭਾਗ ਦੀ ਬਕਾਇਆ ਰਹਿੰਦੀ ਰਾਸ਼ੀ ਜਮ੍ਹਾਂ ਨਾ ਕਰਾਉਣ ਕਾਰਨ ਦੋਹਾਂ ਜ਼ਿਲ੍ਹਿਆਂ ਅੰਦਰ ਡੀ-ਸਿਲਟਿੰਗ ਦਾ ਕੰਮ ਜਲ ਨਿਕਾਸ ਕਮ ਮਾਈਨਿੰਗ ਮੰਡਲ ਵੱਲੋਂ ਰੋਕ ਦਿੱਤਾ ਗਿਆ ਹੈ, ਉੱਥੇ ਹੀ ਆਈਆਈਟੀ ਰੂਪਨਗਰ ਨੇੜੇ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਦੀ ਹਦੂਦ ਵਿੱਚ ਪੈਂਦੀ ਰੈਲ ਬਰਾਮਦ ਖੱਡ ਵਿੱਚ ਡੀ-ਸਿਲਟਿੰਗ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਸਤਲੁਜ ਦਰਿਆ ਦੀ ਸਫਾਈ ਕਰਨ ਲਈ ਚੱਲ ਰਹੀ ਇਸ ਡੀ-ਸਿਲਟਿੰਗ ਸਾਈਟ ਵਿੱਚੋਂ ਰੋਜ਼ਾਨਾ ਸੈਕੜਿਆਂ ਦੀ ਗਿਣਤੀ ਵਿੱਚ ਟਿੱਪਰ ਰੇਤਾ ਲੈਣ ਲਈ ਆ ਰਹੇ ਹਨ ਅਤੇ ਇੱਥੇ ਟਿੱਪਰਾਂ ਵਿੱਚ ਰੇਤਾ ਲੋਡ ਕਰਨ ਲਈ ਕਈ ਮਸ਼ੀਨਾਂ ਲੱਗੀਆਂ ਹੋਈਆਂ ਹਨ। ਵਿਧਾਨ ਸਭਾ ਹਲਕਾ ਰੂਪਨਗਰ ਤੋਂ ਆਜ਼ਾਦ ਉਮੀਦਵਾਰ ਵੱਲੋਂ ਚੋਣ ਲੜੇ ਸਮਾਜ ਸੇਵੀ ਬਚਿੱਤਰ ਸਿੰਘ ਜਟਾਣਾ ਨੇ ਦੱਸਿਆ ਕਿ ਜਦੋਂ ਕਿਸੇ ਨਦੀ ਜਾਂ ਦਰਿਆ ਵਿੱਚ ਰੇਤਾ ਦਾ ਬਣਿਆ ਕੋਈ ਟਿੱਲਾ ਪਾਣੀ ਦੇ ਪ੍ਰਵਾਹ ਨੂੰ ਰੋਕਣਾ ਸ਼ੁਰੂ ਕਰ ਦੇਵੇ ਤਾਂ ਉਸ ਰੁਕਾਵਟ ਨੂੰ ਦੂਰ ਕਰਨ ਲਈ ਡੀ-ਸਿਲਟਿੰਗ ਦੀ ਲੋੜ ਪੈਂਦੀ ਹੈ, ਪਰ ਪੰਜਾਬ ਸਰਕਾਰ ਵੱਲੋਂ ਡੀ-ਸਿਲਟਿੰਗ ਦੀ ਵਰਤੋਂ ਖਣਨ ਠੇਕੇਦਾਰਾਂ ਨੂੰ ਖਣਨ ਕਰਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਡੀ-ਸਿਲਟਿੰਗ ਦਾ ਕੰਮ ਚੱਲ ਰਿਹਾ ਹੈ, ਉਸ ਨੂੰ ਵੇਖ ਕੇ ਜਾਪ ਰਿਹਾ ਹੈ ਕਿ ਲੋਕਾਂ ਨੂੰ ਹੜ੍ਹਾਂ ਤੋਂ ਸੁਰੱਖਿਅਤ ਕਰਨ ਲਈ ਕਰਵਾਈ ਜਾ ਰਹੀ ਡੀ-ਸਿਲਟਿੰਗ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਦੀਆਂ ਜ਼ਮੀਨਾਂ ਨੂੰ ਹੜ੍ਹਾਉਣ ਦਾ ਸਬੱਬ ਬਣ ਸਕਦੀ ਹੈ। ਜਟਾਣਾ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਕਿਨਾਰਿਆਂ ਨੇੜੇ ਵੱਡੇ ਪੱਧਰ ‘ਤੇ ਰੇਤਾ ਚੁੱਕਿਆ ਜਾ ਰਿਹਾ ਹੈ ਤੇ ਬਿਜਲੀ ਦੇ ਟਾਵਰ ਨੇੜੇ ਹੋਈ ਰੇਤੇ ਦੀ ਨਿਕਾਸੀ ਕਾਰਨ ਬਰਸਾਤ ਦੇ ਦਿਨਾਂ ਵਿੱਚ ਟਾਵਰ ਡਿੱਗ ਸਕਦਾ ਹੈ। ਜਦੋਂ ਇਸ ਸਬੰਧੀ ਜਲ ਨਿਕਾਸ ਕੰਮ ਮਾਈਨਿੰਗ ਮੰਡਲ ਦੇ ਸਬੰਧਤ ਐੱਸਡੀਓ ਹਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਾਂਚ ਕਰਨਗੇ।Source link