ਕੇਪੀ ਸਿੰਘ
ਗੁਰਦਾਸਪੁਰ, 23 ਅਪਰੈਲ
ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 58 ਬਟਾਲੀਅਨ ਦੀ ਆਦੀਆਂ ਬੀਓਪੀ ਦੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਸਰਹੱਦ ਤੇ ਉੱਡਦੇ ਪਾਕਿਸਤਾਨੀ ਡਰੋਨ ‘ਤੇ ਫਾਇਰਿੰਗ ਕੀਤੀ ਗਈ। ਡਿਊਟੀ ‘ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਰਾਤ ਦੇ ਸਮੇਂ ਪਾਕਿਸਤਾਨ ਵਾਲੇ ਪਾਸਿਉਂ ਆਉਂਦੇ ਡਰੋਨ ਦੀ ਆਵਾਜ਼ ਸੁਣੀ, ਜਿਸ ਮਗਰੋਂ ਉਨ੍ਹਾਂ ਵੱਲੋਂ 166 ਫਾਇਰ ਕੀਤੇ ਗਏ। ਦੱਸਿਆ ਗਿਆ ਹੈ ਕਿ ਇਹ ਡਰੋਨ ਕਰੀਬ 11 ਮਿੰਟ ਭਾਰਤੀ ਖੇਤਰ ਵਿੱਚ ਰਿਹਾ। ਚਾਰ ਵਾਰ ਡਰੋਨ ਨੇ ਭਾਰਤੀ ਇਲਾਕੇ ਵਿੱਚ ਅਗਾਂਹ ਵਧਣ ਦੀ ਕੋਸ਼ਿਸ਼ ਕੀਤੀ ਪਰ ਫਾਇਰਿੰਗ ਮਗਰੋਂ ਇਹ ਵਾਪਸ ਪਾਕਿਸਤਾਨੀ ਇਲਾਕੇ ਵੱਲ ਪਰਤ ਗਿਆ। ਤੜਕਸਾਰ ਬੀਐੱਸਐੱਫ ਅਤੇ ਦੋਰਾਂਗਲਾ ਪੁਲੀਸ ਵੱਲੋਂ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ ।