ਚੰਡੀਗੜ੍ਹ, 24 ਅਪਰੈਲ
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਐਤਵਾਰ ਨੂੰ ਅਤਿ ਲੋੜੀਂਦੇ ਦਹਿਸ਼ਤਗਰਦ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਿਵਾਦ ਮਡਿਊਲ ਦੇ ਸਰਗਰਮ ਮੈਂਬਰ ਚਰਨਜੀਤ ਪਟਿਆਲਵੀ ਨੂੰ ਡੇਰਾਬੱਸੀ ਇਲਾਕੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਹੈ। ਪਟਿਆਲਵੀ ਪਿਛਲੇ 12 ਸਾਲਾਂ ਤੋਂ ਭਗੌੜਾ ਤੋਂ ਅਤੇ ਪਛਾਣ ਬਦਲ ਕੇ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ। ਏਜੀਟੀਐੱਫ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਚਰਨਜੀਤ ਪਟਿਆਲਵੀ ਵਾਸੀ ਬੂਟਾ ਸਿੰਘ ਵਾਲਾ, ਜ਼ਿਲ੍ਹਾ ਪਟਿਆਲਾ ਨੂੰ ਮਾਛੀਵਾੜਾ ਥਾਣੇ ‘ਚ ਯੂਏਪੀਏ ਤਹਿਤ ਦਰਜ ਇੱਕ ਮਾਮਲੇ ‘ਚ 23 ਜੁਲਾਈ 2010 ਨੂੰ ਭਗੌੜਾ ਐਲਾਨਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਖਾਸ ਸੂਹ ਦੇ ਆਧਾਰ ‘ਤੇ ਏਜੀਟੀਐੈੱਫ ਦੀ ਇੱਕ ਟੀਮ ਨੇ ਚਰਨਜੀਤ ਪਟਿਆਲਵੀ ਨੂੰ ਡੇਰਾਬੱਸੀ ਅਧੀਨ ਪੈਂਦੇ ਪਿੰਡ ਲੱਲੀ ਦੇ ਗੁਰਦੁਆਰਾ ਸਾਹਿਬ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ।