ਅੰਕਾਰਾ, 24 ਅਪਰੈਲ
ਤੁਰਕੀ ਦੇ ਸਫ਼ੀਰ ਨੇ ਕਿਹਾ ਕਿ ਤੁਰਕੀ ਨੇ ਆਪਣਾ ਹਵਾਈ ਖੇਤਰ ਰੂਸ ਦੇ ਆਮ ਨਾਗਰਿਕਾਂ ਅਤੇ ਸੈਨਿਕਾਂ ਲਈ ਬੰਦ ਕਰ ਦਿੱਤਾ ਹੈ। ਸਫ਼ੀਰ ਮੇਵਲਟ ਕਾਵੂਸੋਗਲੂ ਨੇ ਉਰੂਗੂਏ ਦੇ ਦੌਰੇ ਦੌਰਾਨ ਤੁਰਕੀ ਦੇ ਪੱਤਰਕਾਰਾਂ ਦੇ ਇੱਕ ਗਰੁੱਪ ਨੂੰ ਦੱਸਿਆ ਕਿ ਰੂਸੀ ਉਡਾਣਾਂ ਨੂੰ ਸੀਰੀਆ ਤੱਕ ਜਾਣ ਲਈ ਤੁਰਕੀ ਦਾ ਹਵਾਈ ਖੇਤਰ ਵਰਤਣ ਦੀ ਆਗਿਆ ਅਪਰੈਲ ਤੱਕ ਸੀ। ਇੱਕ ਟੈਲੀਵਿਜ਼ਨ ਦੀ ਰਿਪੋਰਟ ਮੁਤਾਬਕ ਕਾਵੂਸੋਗਲੂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮਾਰਚ ਮਹੀਨੇ ਮਾਸਕੋ ਦੇ ਦੌਰੇ ਦੌਰਾਨ ਉਨ੍ਹਾਂ ਨੂੰ ਹਵਾਈ ਖੇਤਰ ਨਾ ਵਰਤਣ ਦੀ ਅਪੀਲ ਕੀਤੀ ਸੀ ਅਤੇ ਰੂਸ ਨੇ ਤੁਰਕੀ ਦੀ ਇਹ ਅਪੀਲ ਮੰਨ ਲਈ ਸੀ। ਹਾਲਾਂਕਿ ਸਫ਼ੀਰ ਨੇ ਇਸ ਪੂਰੇ ਮਾਮਲੇ ਦੀ ਤਫ਼ਸੀਲ ਵਿੱਚ ਜਾਣਕਾਰੀ ਨਹੀਂ ਦਿੱਤੀ ਅਤੇ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਕੀ ਇਹ ਕਦਮ ਕਥਿਤ ਤੌਰ ‘ਤੇ ਸੀਰਿਆਈ ਲੜਾਕਿਆਂ ਨੂੰ ਰੂਸ ਭੇਜੇ ਤੋਂ ਰੋਕਣ ਲਈ ਚੁੱਕਿਆ ਗਿਆ ਹੈ? -ਏਪੀ