ਦੇਸ਼ ’ਚ ਰੋਜ਼ਾਨਾ 20 ਹਜ਼ਾਰ ਕਰੋੜ ਦਾ ਡਿਜੀਟਲ ਲੈਣ-ਦੇਣ ਹੋ ਰਿਹੈ: ਮੋਦੀ

ਦੇਸ਼ ’ਚ ਰੋਜ਼ਾਨਾ 20 ਹਜ਼ਾਰ ਕਰੋੜ ਦਾ ਡਿਜੀਟਲ ਲੈਣ-ਦੇਣ ਹੋ ਰਿਹੈ: ਮੋਦੀ


ਨਵੀਂ ਦਿੱਲੀ, 24 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ‘ਚ ਰੋਜ਼ਾਨਾ ਤਕਰੀਬਨ 20 ਹਜ਼ਾਰ ਕਰੋੜ ਰੁਪਏ ਦਾ ਡਿਜੀਟਲ ਲੈਣ-ਦੇਣ ਹੋ ਰਿਹਾ ਹੈ। ਇਸ ਨਾਲ ਨਾ ਸਿਰਫ਼ ਸਹੂਲਤ ਮਿਲੀ ਹੈ ਬਲਕਿ ਦੇਸ਼ ‘ਚ ਇਮਾਨਦਾਰੀ ਦਾ ਮਾਹੌਲ ਵੀ ਬਣ ਰਿਹਾ ਹੈ।

ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 88ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਆਨਲਾਈਨ ਭੁਗਤਾਨ ਕਰਨ ਨਾਲ ਦੇਸ਼ ਵਿੱਚ ਵੱਡੀ ਡਿਜੀਟਲ ਆਰਥਿਕਤਾ ਦੇ ਹੋਂਦ ‘ਚ ਆਉਣ ਵਿਚ ਮਦਦ ਮਿਲ ਰਹੀ ਹੈ ਤੇ ਕਈ ਨਵੇਂ ਵਿੱਤੀ-ਤਕਨੀਕੀ ਸਟਾਰਟਅੱਪ ਹੋਂਦ ‘ਚ ਆ ਰਹੇ ਹਨ। ਉਨ੍ਹਾਂ ਨਾਲ ਹੀ ਲੋਕਾਂ ਨੂੰ ਆਪਣੇ ਡਿਜੀਟਲ ਭੁਗਤਾਨ ਦੇ ਤਜਰਬੇ ਹੋਰਾਂ ਨਾਲ ਸਾਂਝੇ ਕਰਨ ਲਈ ਵੀ ਪ੍ਰੇਰਿਆ। ਉਨ੍ਹਾਂ ਕਿਹਾ, ‘ਤੁਹਾਡਾ ਤਜਰਬਾ ਦੇਸ਼ ‘ਚ ਹੋਰਾਂ ਲਈ ਪ੍ਰੇਰਨਾ ਸਰੋਤ ਬਣ ਸਕਦਾ ਹੈ।’ ਉਨ੍ਹਾਂ ਕਿਹਾ, ‘ਹੁਣ ਦੇਸ਼ ਵਿੱਚ ਡਿਜੀਟਲ ਲੈਣ-ਦੇਣ ਰੋਜ਼ਾਨਾ 20 ਹਜ਼ਾਰ ਕਰੋੜ ਰੁਪਏ ਦੇ ਕਰੀਬ ਪਹੁੰਚ ਗਿਆ ਹੈ। ਮਾਰਚ ਵਿੱਚ ਯੂਪੀਆਈ ਰਾਹੀਂ ਲੈਣ-ਦੇਣ 10 ਲੱਖ ਕਰੋੜ ਰੁਪਏ ਹੋ ਗਿਆ ਹੈ।’ ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦੇ ਲੋਕਾਂ ਨੂੰ ਸਿਰਫ਼ ਸਹੂਲਤ ਹੀ ਨਹੀਂ ਮਿਲੀ ਬਲਕਿ ਇਮਾਨਦਾਰੀ ਦਾ ਮਾਹੌਲ ਵੀ ਬਣਿਆ ਹੈ।

ਉਨ੍ਹਾਂ ਕਿਹਾ ਕਿ ਦੇਸ਼ ਭਰ ਤੋਂ ਲੋਕਾਂ ਨੇ ਉਨ੍ਹਾਂ ਨੂੰ ‘ਪ੍ਰਧਾਨ ਮੰਤਰੀ ਅਜਾਇਬਘਰ’ ਪੱਤਰ ਲਿਖੇ ਤੇ ਸੁਨੇਹੇ ਘੱਲੇ ਹਨ। ਇਸ ਅਜਾਇਬਘਰ ਦਾ ਉਦਘਾਟਨ 14 ਅਪਰੈਲ ਨੂੰ ਡਾ. ਅੰਬੇਡਕਰ ਦੀ ਜੈਅੰਤੀ ਮੌਕੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀਆਂ ਨੂੰ ਯਾਦ ਕਰਨ ਦਾ ਕੋਈ ਹੋਰ ਢੁੱਕਵਾਂ ਸਮਾਂ ਨਹੀਂ ਹੋ ਸਕਦਾ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਛੁੱਟੀਆਂ ਦੇ ਦਿਨਾਂ ‘ਚ ਸਥਾਨਕ ਅਜਾਇਬਘਰਾਂ ‘ਚ ਜਾਣ ਤੇ ਆਪਣੇ ਤਰਜਬੇ ਸਾਂਝੇ ਕਰਨ। ਉਨ੍ਹਾਂ ਕਿਹਾ, ‘ਲੋਕਾਂ ਦੀ ਇਤਿਹਾਸ ਪ੍ਰਤੀ ਦਿਲਚਸਪੀ ਵੱਧ ਰਹੀ ਹੈ ਤੇ ਪ੍ਰਧਾਨ ਮੰਤਰੀ ਅਜਾਇਬਘਰ ‘ਚ ਵੀ ਅਜਿਹੀ ਹੀ ਸਥਿਤੀ ਬਣੀ ਹੋਈ ਹੈ ਜਿੱਥੇ ਵੱਡੀ ਵੱਡੀ ਗਿਣਤੀ ‘ਚ ਨੌਜਵਾਨ ਪਹੁੰਚ ਰਹੇ ਹਨ ਤੇ ਦੇਸ਼ ਦੀ ਸ਼ਾਨਾਮੱਤੀ ਵਿਰਾਸਤ ਨਾਲ ਜੁੜ ਰਹੇ ਹਨ।’

ਉਨ੍ਹਾਂ ਕਿਹਾ ਕਿ ਖੇਡਾਂ ਦੀ ਤਰ੍ਹਾਂ ਹੀ ਵਿਸ਼ੇਸ਼ ਲੋੜਾਂ ਵਾਲੇ ਲੋਕ ਕਲਾ, ਅਕਾਦਮੀ ਤੇ ਹੋਰਨਾਂ ਖੇਤਰਾਂ ‘ਚ ਪ੍ਰਾਪਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤਕਨੀਕ ਦੀ ਮਦਦ ਨਾਲ ਉਹ ਵੱਡੀਆਂ ਮੱਲਾਂ ਮਾਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਆਉਂਦੇ ਤਿਉਹਾਰਾਂ ਦੇ ਮੱਦੇਨਜ਼ਰ ਕਰੋਨਾ ਨਾਲ ਸਬੰਧਤ ਸਾਵਧਾਨੀਆਂ ਧਿਆਨ ਰੱਖਣ ਲਈ ਵੀ ਪ੍ਰੇਰਿਆ। -ਪੀਟੀਆਈ

ਪ੍ਰਧਾਨ ਮੰਤਰੀ ਵੱਲੋਂ ਪੰਚਾਇਤੀ ਰਾਜ ਦਿਵਸ ਦੀ ਵਧਾਈ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਚਾਇਤੀ ਰਾਜ ਦਿਵਸ ਦੀਆਂ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਲਈ ਪੰਚਾਇਤਾਂ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਟਵੀਟ ਕੀਤਾ, ‘ਤੁਹਾਨੂੰ ਸਾਰਿਆਂ ਨੂੰ ਕੌਮੀ ਪੰਚਾਇਤੀ ਰਾਜ ਦਿਵਸ ਦੀਆਂ ਸ਼ੁਭ ਕਾਮਨਾਵਾਂ। ਪੰਚਾਇਤਾਂ ਭਾਰਤੀ ਲੋਕਤੰਤਰ ਦਾ ਆਧਾਰ ਹਨ ਤੇ ਇਨ੍ਹਾਂ ਦੀ ਮਜ਼ਬੂਤੀ ਨਾਲ ਹੀ ਦੇਸ਼ ਦੀ ਖੁਸ਼ਹਾਲੀ ਹੈ।’ -ਪੀਟੀਆਈ



Source link