ਨਵੀਂ ਦਿੱਲੀ, 30 ਅਪਰੈਲ
ਉੱਤਰ-ਪੱਛਮ ਅਤੇ ਮੱਧ ਭਾਰਤ ਵਿੱਚ ਇਹ ਅਪਰੈਲ ਮਹੀਨਾ ਲੰਘੇ 122 ਸਾਲਾਂ ਵਿੱਚ ਸਭ ਤੋਂ ਗਰਮ ਰਿਹਾ ਹੈ, ਜਿਸ ਦੌਰਾਨ ਵੱਧ ਤੋਂ ਵੱਧ ਔਸਤ ਤਾਪਮਾਨ ਕ੍ਰਮਵਾਰ 35.9 ਡਿਗਰੀ ਅਤੇ 37.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਹ ਜਾਣਕਾਰੀ ਸ਼ਨਿਚਰਵਾਰ ਨੂੰ ਮੌਸਮ ਵਿਭਾਗ ਦੇ ਦਫ਼ਤਰ ਵੱਲੋਂ ਦਿੱਤੀ ਗਈ। ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੈ ਮੋਹਾਪਾਤਰਾ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੇਸ਼ ਦੇ ਉੱਤਰ-ਪੱਛਮੀ ਮੱਧ ਪੱਛਮੀ ਹਿੱਸਿਆਂ ਪੰਜਾਬ, ਗੁਜਰਾਤ ਅਤੇ ਹਰਿਆਣਾ ਵਿੱਚ ਮਈ ਮਹੀਨੇ ਵੀ ਤਾਪਮਾਨ ਆਮ ਨਾਲੋਂ ਵੱਧ ਰਹੇਗਾ। ਉਨ੍ਹਾਂ ਕਿਹਾ ਕਿ ਮਈ ਮਹੀਨੇ ਦੌਰਾਨ ਦੱਖਣੀ ਪ੍ਰਾਇਦੀਪ ਦੇ ਕੁਝ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਰਾਤਾਂ ਨੂੰ ਮੌਸਮ ਗਰਮ ਰਹੇਗਾ। ਉਨ੍ਹਾਂ ਕਿਹਾ ਕਿ ਅਪਰੈਲ ਮਹੀਨੇ ਪ੍ਰਾਇਦੀਪੀ ਭਾਰਤ ‘ਚ ਔਸਤ ਤਾਪਮਾਨ 35.05 ਡਿਗਰੀ ਦਰਜ ਕੀਤਾ ਗਿਆ ਹੈ, ਜਿਹੜਾ ਕਿ 122 ਸਾਲਾਂ ਵਿੱਚ ਚੌਥਾ ਸਭ ਤੋਂ ਵੱਧ ਤਾਪਮਾਨ ਹੈ। ਮੋਹਪਾਤਰਾ ਨੇ ਦੱਸਿਆ ਕਿ ਦੇਸ਼ ਭਰ ਵਿਚ ਮਈ ਮਹੀਨੇ ਔਸਤ ਬਾਰਿਸ਼ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਮਈ ਮਹੀਨੇ ਉੱਤਰ-ਪੱਛਮ ਅਤੇ ਉੱਤਰ-ਪੂਰਬ ਭਾਰਤ ਦੇ ਕੁਝ ਦੇ ਹਿੱਸਿਆਂ ਦੇ ਨਾਲ-ਨਾਲ ਦੱਖਣ-ਪੂਰਬੀ ਪ੍ਰਾਇਦੀਪ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।” ਉਨ੍ਹਾਂ ਮੁਤਾਬਕ ”ਲਗਾਤਾਰ ਕਮਜ਼ੋਰ ਬਾਰਿਸ਼ ਸਰਗਰਮੀ ਕਾਰਨ” ਮਾਰਚ ਅਤੇ ਅਪਰੈਲ ਮਹੀਨੇ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ ਅਤੇ ਮਾਰਚ ਮਹੀਨੇ ਉੱਤਰ-ਪੱਛਮ ਭਾਰਤ ਵਿੱਚ ਬਾਰਿਸ਼ ਵਿੱਚ 89 ਫ਼ੀਸਦ ਅਤੇ ਅਪਰੈਲ ਮਹੀਨੇ ਲੱਗਪਗ 83 ਫ਼ੀਸਦੀ ਕਮੀ ਦੇਖੀ ਗਈ ਹੈ। ਦੱਸਣਯੋਗ ਹੈ ਕਿ ਦੇਸ਼ ਵਿੱਚ ਲੋਕਾਂ ਨੂੰ ਖਾਸਕਰ ਉੱਤਰ-ਪੱਛਮ ਅਤੇ ਪੱਛਮੀ ਹਿੱਸਿਆਂ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ‘ਲੂ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -ਪੀਟੀਆਈ