ਹਰਜੀਤ ਸਿੰਘ ਪਰਮਾਰ
ਬਟਾਲਾ, 4 ਮਈ
ਇਥੋਂ ਦੇ ਡੇਰਾ ਬਾਬਾ ਨਾਨਕ ਰੋਡ ‘ਤੇ ਨਵਾਂ ਪਿੰਡ ਬਰਕੀਵਾਲ ਵਿੱਚ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਹਾਦਸੇ ਦੌਰਾਨ ਅੱਗ ਦੀ ਲਪੇਟ ਵਿੱਚ ਨਿੱਜੀ ਸਕੂਲ ਦੀ ਬੱਸ ਆ ਗਈ, ਜਿਸ ਕਾਰਨ 7 ਬੱਚੇ ਝੁਲਸ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਬਾਅਦ ਦੁਪਹਿਰ ਛੁੱਟੀ ਹੋਣ ਉਪਰੰਤ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਣ ਜਾ ਰਹੀ,ਜਦੋਂ ਬੱਸ ਨਵਾਂ ਪਿੰਡ ਬਰਕੀਵਾਲ ਨੇੜੇ ਪਹੁੰਚੀ ਤਾਂ ਕਿਸਾਨਾਂ ਵੱਲੋਂ ਨਾੜ ਨੂੰ ਲਾਈ ਗਈ ਅੱਗ ਕਾਰਨ ਬੱਸ ਦਾ ਚਾਲਕ ਧੂੰਏ ਕਾਰਨ ਕੁੱਝ ਵੀ ਵਿਖਾਈ ਨਾ ਦੇਣ ਕਾਰਨ ਬੱਸ ਤਂ ਸੰਤੁਲਨ ਗਵਾ ਬੈਠਾ ਅਤੇ ਬੱਸ ਖੇਤਾਂ ਵਿੱਚ ਜੇ ਕੇ ਪਲਟ ਗਈ। ਨਾੜ ਨੂੰ ਲੱਗੀ ਅੱਗ ਨੇ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਸੱਤ ਬੱਚੇ ਝੁਲਸ ਗਏ, ਜਿਨ੍ਹਾਂ ਨੂੰ ਬਟਾਲਾ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਤਿੰਨ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਦੌਰਾਨ ਬੱਸ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ।