ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਮਈ
ਸੂਬੇ ‘ਚ ਸੂਰਜਮੁਖੀ ਦੇ ਗੈ਼ਰਮਿਆਰੀ ਬੀਜ ਕਾਰਨ ਕਿਸਾਨ ਫ਼ਸਲ ਵਾਹੁਣ ਲਈ ਮਜਬੂਰ ਹਨ। ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੂਬੇ ‘ਚ ਵਿਕੇ ਸੂਰਜ ਮੁਖੀ ਦੇ ਗੈ਼ਰਮਿਆਰੀ ਬੀਜ ਅਤੇ ਝੋਨੇ ਦੇ ਪੀਆਰ 126 ਬੀਜ ਦੀ ਕਾਲਾਬਜ਼ਾਰੀ ਤੋਂ ਇਲਾਵਾ ਡੀਲਰਾਂ ਦੀ ਪੁਸ਼ਤਪਨਾਹੀ ‘ਚ ਖੇਤੀਬਾੜੀ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਬਗ਼ੈਰ ਪੱਕਾ ਬਿੱਲ ਤੋਂ ਵਿਕਰੀ ਕਰਨ ਵਾਲੇ ਬੀਜ ਡੀਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਝੋਨੇ ਦੇ ਬੀਜ ਦੀ ਬਲੈਕ ਤੇ ਪੱਕਾ ਬਿੱਲ ਨਾ ਦੇਣ ਦੀ ਸ਼ਿਕਾਇਤ ਕੀਤੀ ਹੈ ਤੇ ਇਸ ਦੀ ਪੜਤਾਲ ਕਰ ਰਹੇ ਹਨ। ਕਿਸਾਨ ਸੰਯੁਕਤ ਮੋਰਚਾ ਆਗੂ ਬਲਵੰਤ ਸਿੰਘ ਬ੍ਰਾਹਮਕੇ, ਬੀਕੇਯੂ ਏਕਤਾ ਉਗਰਾਹਾਂ ਆਗੂ ਸੁਖਦੇਵ ਸਿੰਘ ਕੋਕਰੀ ਅਤੇ ਬਲੌਰ ਸਿੰਘ ਘਾਲੀ, ਬੀਕੇਯੂ (ਕਾਦੀਆਂ) ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਜਨਰਲ ਸਕੱਤਰ ਗੁਲਜ਼ਾਰ ਸਿੰਘ ਘੱਲਕਲਾਂ,ਰਛਪਾਲ ਸਿੰਘ ਕਪੂਰੇ ਤੇ ਹੋਰ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਤੋਂ ਸੂਬਾ ਭਰ ਵਿੱਚ ਝੋਨੇ ਦੇ ਬੀਜ ਪੀਆਰ 126 ਦੀ ਕਾਲਾਬਜ਼ਾਰੀ ਦੀ ਜਾਂਚ ਦੀ ਮੰਗ ਕੀਤੀ ਹੈ।
ਕਿਸਾਨਾਂ ਦਾ ਦੋਸ਼ ਹੈ ਕਿ ‘ਆਪ’ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀ ਉਦਾਸੀਨਤਾ ਕਾਰਨ ਝੋਨੇ ਦੇ ਬੀਜ ਪੀਆਰ 126 ਦੀ ਕਾਲਾਬਜ਼ਾਰੀ ਸਿਖ਼ਰ ‘ਤੇ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਖਾਨਾ ਪੂਰਤੀ ਕਰ ਰਿਹਾ ਹੈ ਉਨ੍ਹਾਂ ਨੂੰ ਕਿਸਾਨਾਂ ਦੇ ਦਰਦ ਨਾਲ ਕੋਈ ਮਤਲਬ ਨਹੀਂ ਹੈ। 35 ਰੁਪਏ ਕਿਲੋ ਵਾਲਾ ਬੀਜ 100 ਤੋਂ 150 ਰੁਪਏ ਕਿਲੋ ਵਿਕ ਰਿਹਾ ਹੈ। ਡੀਲਰ ਪੱਕਾ ਬਿੱਲ ਵੀ ਨਹੀਂ ਦਿੰਦੇ। ਸੂਬੇ ‘ਚ ਵਿਕੇ ਗੈਰ ਮਿਆਰੀ ਸੂਰਜ ਮੁੱਖੀ ਬੀਜ ਕਾਰਨ ਕਿਸਾਨ ਸੂਰਜ ਮੁਖੀ ਦੀ ਫ਼ਸਲ ਵਾਹੁਣ ਲਈ ਮਜ਼ਬੂਰ ਹਨ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ.ਪ੍ਰਿਤਪਾਲ ਸਿੰਘ ਨੇ ਸਰਕਾਰੀ ਛੁੱਟੀ ਬਾਵਜੂਦ ਡੀਲਰਾਂ ਦੀ ਹੰਗਾਮੀ ਮੀਟਿੰਗ ਸੱਦਕੇ ਝੋਨੇ ਦੇ ਬੀਜ ਦੇ ਸਟਾਕ ਬਾਰੇ ਪੁੱਛ ਪੜਤਾਲ ਕੀਤੀ। ਇਸ ਮੌਕੇ ਡੀਲਰਾਂ ਨੇ ਸਪਸ਼ਟ ਕੀਤਾ ਕਿ ਸਪਲਾਈਰ ਉਨ੍ਹਾਂ ਨੂੰ ਝੋਨੇ ਦਾ ਬੀਜ ਮਹਿੰਗੇ ਭਾਅ ਦਿੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬੀਜ ਦੀ ਬਲੈਕ ਸਿਰਫ਼ ਮੋਗਾ ਜ਼ਿਲ੍ਹੇ ‘ਚ ਨਹੀਂ ਸਗੋਂ ਸੂਬਾ ਭਰ ਵਿੱਚ ਹੋ ਰਹੀ ਹੈ।