ਵਿਰੋਧ ਕਾਰਨ ਨਹੀਂ ਹੋ ਸਕਿਆ ਮਸਜਿਦ ਦਾ ਸਰਵੇਖਣ

ਵਿਰੋਧ ਕਾਰਨ ਨਹੀਂ ਹੋ ਸਕਿਆ ਮਸਜਿਦ ਦਾ ਸਰਵੇਖਣ


ਵਾਰਾਨਸੀ, 7 ਮਈ

ਕੋਰਟ ਕਮਿਸ਼ਨਰ ਦੀ ਟੀਮ ਨੇ ਅੱਜ ਇੱਥੇ ਗਿਆਨਵਾਪੀ-ਸ਼੍ਰਿੰਗਾਰ ਗੌਰੀ ਮੰਦਰ ਕੰਪਲੈਕਸ ਦਾ ਦੌਰਾ ਕੀਤਾ। ਟੀਮ ਉੱਥੇ ਦੋ ਘੰਟੇ ਤੱਕ ਰੁਕੀ ਪਰ ਮੁਸਲਿਮ ਵਿਅਕਤੀਆਂ ਦੇ ਵਿਰੋਧ ਕਾਰਨ ਮਸਜਿਦ ਦਾ ਵੀਡੀਓਗ੍ਰਾਫਿਕ-ਸਰਵੇਖਣ ਨਹੀਂ ਕਰ ਸਕੀ। ਮੁਸਲਮਾਨਾਂ ਨੇ ਸਰਵੇਖਣ ਦਾ ਵਿਰੋਧ ਕੀਤਾ ਤੇ ਮਸਜਿਦ ਦੀ ਪ੍ਰਬੰਧਕੀ ਕਮੇਟੀ ਕਿਸੇ ਹੋਰ ਨੂੰ ਕਮਿਸ਼ਨਰ ਲਾਉਣ ਦੀ ਮੰਗ ਲੈ ਕੇ ਅਦਾਲਤ ਚਲੀ ਗਈ। ਵਾਰਾਨਸੀ ਦੀ ਅਦਾਲਤ ਵਿਚ ਕੋਰਟ ਕਮਿਸ਼ਨਰ ਬਦਲਣ ਦੀ ਪਾਈ ਗਈ ਅਰਜ਼ੀ ‘ਤੇ ਫ਼ੈਸਲਾ ਅਦਾਲਤ ਨੇ 9 ਮਈ ਤੱਕ ਰਾਖ਼ਵਾਂ ਰੱਖ ਲਿਆ ਹੈ। ਅੱਜ ਕੋਰਟ ਵੱਲੋਂ ਨਿਯੁਕਤ ਕਮਿਸ਼ਨਰ ਅਜੈ ਕੁਮਾਰ ਮਿਸ਼ਰਾ ਹਿੰਦੂ ਤੇ ਮੁਸਲਿਮ ਧਿਰਾਂ ਦੇ ਵਕੀਲਾਂ ਨਾਲ ਗਿਆਨਵਾਪੀ-ਸ਼੍ਰਿੰਗਾਰ ਮੰਦਲ ਕੰਪਲੈਕਸ ਵਿਚ ਗਏ। ਪਰ ਦੋ ਘੰਟੇ ਬਿਤਾਉਣ ਦੇ ਬਾਵਜੂਦ ਆਪਣਾ ਕੰਮ ਪੂਰਾ ਨਹੀਂ ਕਰ ਸਕੇ।

ਇਸ ਤੋਂ ਪਹਿਲਾਂ ਜਦ ਸਰਵੇ ਟੀਮ ਆਈ ਤਾਂ ਕੁਝ ਮੁਸਲਿਮ ਵਿਅਕਤੀਆਂ ਨੇ ਨਾਅਰੇਬਾਜ਼ੀ ਕੀਤੀ। ਪੁਲੀਸ ਉਨ੍ਹਾਂ ਨੂੰ ਥਾਣੇ ਲੈ ਗਈ। ਜ਼ਿਕਰਯੋਗ ਹੈ ਕਿ ਵਾਰਾਨਸੀ ਦੀ ਅਦਾਲਤ ਵਿਚ ਦਿੱਲੀ ਅਧਾਰਿਤ ਰਾਖੀ ਸਿੰਘ ਤੇ ਹੋਰਾਂ ਨੇ ਪਟੀਸ਼ਨ ਪਾ ਕੇ ਵੀਡੀਓਗ੍ਰਾਫੀ ਤੇ ਸਰਵੇਖਣ ਦੀ ਮੰਗ ਕੀਤੀ ਹੋਈ ਹੈ। ਉਨ੍ਹਾਂ ਇੱਥੇ ਰੋਜ਼ਾਨਾ ਸ਼੍ਰਿੰਗਾਰ ਗੌਰੀ, ਭਗਵਾਨ ਗਣੇਸ਼, ਹਨੂੰਮਾਨ ਤੇ ਨੰਦੀ ਦੀਆਂ ਮੂਰਤੀਆਂ ਦੀ ਪੂਜਾ ਦੀ ਇਜਾਜ਼ਤ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਹ ਮੂਰਤੀਆਂ ਗਿਆਨਵਾਪੀ ਮਸਜਿਦ ਦੀ ਬਾਹਰਲੀ ਕੰਧ ਉਤੇ ਲੱਗੀਆਂ ਹੋਈਆਂ ਹਨ। -ਪੀਟੀਆਈ



Source link