ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਣੇ ਚਾਰ ਭਾਰਤੀਆਂ ਨੂੰ ਪੁਲਿਤਜ਼ਰ ਐਵਾਰਡ

ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਣੇ ਚਾਰ ਭਾਰਤੀਆਂ ਨੂੰ ਪੁਲਿਤਜ਼ਰ ਐਵਾਰਡ


ਨਿਊਯਾਰਕ: ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਸਣੇ ਚਾਰ ਭਾਰਤੀਆਂ ਨੂੰ ਫੀਚਰ ਫੋਟੋਗ੍ਰਾਫੀ ਵਰਗ ਵਿਚ ਸਾਲ 2022 ਦਾ ਵੱਕਾਰੀ ਪੁਲਿਤਜ਼ਰ ਪੁਰਸਕਾਰ ਦਿੱਤਾ ਗਿਆ ਹੈ। ਸਿੱਦੀਕੀ ਨੂੰ ਇਹ ਪੁਰਸਕਾਰ ਦੂਜੀ ਵਾਰ ਮਿਲਿਆ ਹੈ। 2018 ਵਿਚ ਉਨ੍ਹਾਂ ਨੂੰ ਰਾਇਟਰਜ਼ ਦੇ ਟੀਮ ਮੈਂਬਰ ਵਜੋਂ ਇਹ ਪੁਰਸਕਾਰ ਮਿਲਿਆ ਸੀ। ਉਨ੍ਹਾਂ ਉਸ ਵੇਲੇ ਰੋਹਿੰਗੀਆ ਸੰਕਟ ਨੂੰ ਆਪਣੇ ਕੈਮਰਿਆਂ ਵਿਚ ਕੈਦ ਕੀਤਾ ਸੀ। ਸਿੱਦਿਕੀ ਦੇ ਨਾਲ ਹੀ ਰਾਇਟਰਜ਼ ਖ਼ਬਰ ਏਜੰਸੀ ਲਈ ਕੰਮ ਕਰਦੇ ਅਦਨਾਨ ਅਬੀਦੀ, ਸਨਾ ਇਰਸ਼ਾਦ ਮੱਟੂ ਤੇ ਅਮਿਤ ਦਵੇ ਨੂੰ ਵੀ ਇਹ ਸਨਮਾਨ ਮਿਲਿਆ ਹੈ। ਪੁਲਿਤਜ਼ਰ ਪੁਰਸਕਾਰਾਂ ਦੀ ਵੈੱਬਸਾਈਟ ਮੁਤਾਬਕ ਇਨ੍ਹਾਂ ਵੱਲੋਂ ਖਿੱਚੀਆਂ ਗਈਆਂ ਫੋਟੋਆਂ ਭਾਰਤ ‘ਚ ਕੋਵਿਡ ਮਹਾਮਾਰੀ ਦੇ ਅਸਰਾਂ ਨਾਲ ਸਬੰਧਤ ਸਨ। ਸਿੱਦੀਕੀ (38) ਜਦ ਪਿਛਲੇ ਸਾਲ ਅਫ਼ਗਾਨਿਸਤਾਨ ਵਿਚ ਡਿਊਟੀ ਉਤੇ ਸਨ ਤਾਂ ਕੰਧਾਰ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਉੱਥੇ ਅਫ਼ਗਾਨ ਫ਼ੌਜ ਤੇ ਤਾਲਿਬਾਨ ਦਾ ਟਕਰਾਅ ਕਵਰ ਕਰ ਰਹੇ ਹਨ। ਸਿੱਦੀਕੀ ਨੇ ਅਫ਼ਗਾਨ ਸੰਕਟ ਦੇ ਨਾਲ-ਨਾਲ ਹਾਂਗਕਾਂਗ ਦੇ ਰੋਸ ਮੁਜ਼ਾਹਰੇ ਅਤੇ ਏਸ਼ੀਆ, ਮੱਧ ਪੂਰਬ ਤੇ ਯੂਰੋਪ ਦੀਆਂ ਹੋਰ ਵੱਡੀਆਂ ਘਟਨਾਵਾਂ ਵੀ ਕਵਰ ਕੀਤੀਆਂ ਸਨ। ਸਿੱਦੀਕੀ ਨੇ ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਤੋਂ ਅਰਥ ਸ਼ਾਸਤਰ ਵਿਚ ਗ੍ਰੈਜੂਏਸ਼ਨ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਜਾਮੀਆ ਦੇ ਹੀ ਏਜੇਕੇ ਮਾਸ ਕਮਿਊਨੀਕੇਸ਼ਨਜ਼ ਖੋਜ ਕੇਂਦਰ ਤੋਂ 2007 ਵਿਚ ਡਿਗਰੀ ਕੀਤੀ। ਸਿੱਦੀਕੀ ਨੇ ਕਰੀਅਰ ਦੀ ਸ਼ੁਰੂਆਤ ਟੀਵੀ ਪੱਤਰਕਾਰ ਵਜੋਂ ਕੀਤੀ ਸੀ ਤੇ ਮਗਰੋਂ ਫੋਟੋ ਪੱਤਰਕਾਰੀ ਵੱਲ ਆ ਗਏ। -ਪੀਟੀਆਈ



Source link