ਕਰਨਾਟਕ ’ਚ ਭਾਜਪਾ ਸਰਕਾਰ ਆਰਡੀਨੈਂਸ ਲਿਆਵੇਗੀ


ਬੰਗਲੂਰੂ, 12 ਮਈ

ਕਰਨਾਟਕ ਵਿਧਾਨ ਪ੍ਰੀਸ਼ਦ ‘ਚ ਬਹੁਮਤ ਨਾ ਹੋਣ ਕਾਰਨ ਹੁਕਮਰਾਨ ਭਾਜਪਾ ਸਰਕਾਰ ਨੇ ਸੂਬੇ ‘ਚ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਲਿਆਉਣ ਲਈ ਆਰਡੀਨੈਂਸ ਲਿਆਉਣ ਦਾ ਫ਼ੈਸਲਾ ਲਿਆ ਹੈ। ਬੰਗਲੂਰੂ ਦੇ ਆਰਚਬਿਸ਼ਪ ਨੇ ਸਰਕਾਰ ਦੇ ਇਸ ਕਦਮ ‘ਤੇ ਨਿਰਾਸ਼ਾ ਜਤਾਉਂਦਿਆਂ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਉਹ ਆਰਡੀਨੈਂਸ ਨੂੰ ਸਹਿਮਤੀ ਨਾ ਦੇਣ। ਧਰਮ ਦੀ ਆਜ਼ਾਦੀ ਦੇ ਹੱਕ ਸਬੰਧੀ ਕਰਨਾਟਕ ਸੁਰੱਖਿਆ ਬਿੱਲ ਪਿਛਲੇ ਸਾਲ ਦਸੰਬਰ ‘ਚ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਸੀ ਪਰ ਇਹ ਵਿਧਾਨ ਪ੍ਰੀਸ਼ਦ ‘ਚ ਬਕਾਇਆ ਪਿਆ ਸੀ। ਭਾਜਪਾ ਕੋਲ ਵਿਧਾਨ ਪ੍ਰੀਸ਼ਦ ‘ਚ ਬਹੁਮਤ ਤੋਂ ਇਕ ਸੀਟ ਘੱਟ ਹੈ। ਕਾਨੂੰਨ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਜੇ ਸੀ ਮਧੂਸਵਾਮੀ ਨੇ ਕਿਹਾ ਕਿ ਵਿਧਾਨ ਸਭਾ ਵੱਲੋਂ ਪਾਸ ਬਿੱਲ ਦੀਆਂ ਮੱਦਾਂ ਹੀ ਆਰਡੀਨੈਂਸ ‘ਚ ਹੋਣਗੀਆਂ। ਆਰਚਬਿਸ਼ਪ ਪੀਟਰ ਮਛਾਡੋ ਨੇ ਦਾਅਵਾ ਕੀਤਾ ਕਿ ਆਰਡੀਨੈਂਸ ਆਉਣ ਨਾਲ ਕੁਝ ਅਨਸਰ ਅਤੇ ਗੁੱਟ ਇਸਾਈ ਭਾਈਚਾਰੇ ਦੇ ਮੈਂਬਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਆਪਣੇ ਬਿਆਨ ‘ਚ ਕਿਹਾ ਕਿ ਕਰਨਾਟਕ ਕੈਬਨਿਟ ਨੇ ਰਾਜਪਾਲ ਨੂੰ ਧਰਮ ਦੀ ਆਜ਼ਾਦੀ ਸੁਰੱਖਿਆ ਸਬੰਧੀ ਬਿੱਲ ਲਾਗੂ ਕਰਨ ਲਈ ਆਰਡੀਨੈਂਸ ਪਾਸ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ‘ਇਹ ਨਿਰਾਸ਼ਾਜਨਕ ਕਦਮ ਹੈ ਅਤੇ ਇਸ ਨਾਲ ਸਦਭਾਵਨਾ ਦੇ ਮਾਹੌਲ ‘ਤੇ ਅਸਰ ਪਵੇਗਾ।’ ਉਨ੍ਹਾਂ ਦਾਅਵਾ ਕੀਤਾ ਕਿ ਨਾ ਤਾਂ ਧਰਮ ਪਰਿਵਰਤਨ ਅਤੇ ਨਾ ਹੀ ਹਮਲੇ ਦੀਆਂ ਕੋਈ ਘਟਨਾਵਾਂ ਵਾਪਰੀਆਂ ਹਨ ਪਰ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਸਰਕਾਰ ਨੇ ਆਰਡੀਨੈਂਸ ਲਿਆਉਣ ਦਾ ਫ਼ੈਸਲਾ ਕਿਉਂ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸਾਈ ਭਾਈਚਾਰੇ ਵੱਲੋਂ ਸੂਬੇ ‘ਚ ਸਿੱਖਿਆ, ਸਿਹਤ ਸੰਭਾਲ ਤੇ ਸਮਾਜ ਭਲਾਈ ਅਤੇ ਵਿਕਾਸ ਦੇ ਹੋਰ ਕੰਮਾਂ ‘ਚ ਯੋਗਦਾਨ ਦਿੱਤਾ ਜਾ ਰਿਹਾ ਹੈ। ਵਿਧਾਨ ਸਭਾ ‘ਚ ਜਦੋਂ ਇਹ ਬਿੱਲ ਪੇਸ਼ ਕੀਤਾ ਗਿਆ ਸੀ ਤਾਂ ਇਸਾਈ ਭਾਈਚਾਰੇ ਦੇ ਆਗੂਆਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਸੀ। -ਪੀਟੀਆਈSource link