ਚੋਰੀ ਦੇ ਸ਼ੱਕ ਹੇਠ ਨੌਜਵਾਨ ਦੀ ਕੁੱਟਮਾਰ, ਮੌਤ

ਚੋਰੀ ਦੇ ਸ਼ੱਕ ਹੇਠ ਨੌਜਵਾਨ ਦੀ ਕੁੱਟਮਾਰ, ਮੌਤ


ਨਿੱਜੀ ਪੱਤਰ ਪ੍ਰੇਰਕ

ਮੋਗਾ, 14 ਮਈ

ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਮਧੇਕੇ ਵਿੱਚ ਬੀਤੇ ਦਿਨ ਭੀੜ ਵੱਲੋਂ ਚੋਰੀ ਦੇ ਸ਼ੱਕ ‘ਚ ਨੌਜਵਾਨ ਦੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨਿਹਾਲ ਸਿੰਘ ਵਾਲਾ ਪੁਲੀਸ ਨੇ ਡੇਢ ਦਰਜਨ ਲੋਕਾਂ ਖ਼ਿਲਾਫ਼ ਗ਼ੈਰ-ਇਰਾਦਾ ਕਤਲ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਹਾਇਕ ਪੁਲੀਸ ਕਪਤਾਨ ਨਿਹਾਲ ਸਿੰਘ ਵਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਰਾਜੂ ਦੇ ਬਿਆਨ ‘ਤੇ ਸਵਰਨ ਸਿੰਘ ਪਿੰਡ ਖਾਈ, ਚਮਕੌਰ ਸਿੰਘ, ਤਿੱਤਰ ਸਿੰਘ, ਹਰਪਾਲ ਸਿੰਘ, ਅਮਨ, ਕੁਲਦੀਪ ਸਿੰਘ ਸਾਰੇ ਪਿੰਡ ਮਧੇਕੇ ਅਤੇ ਕਰੀਬ 8 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਰਾਜੂ ਵਾਸੀ ਮਨੋਹਰ ਬਸਤੀ ਨਿਹਾਲ ਸਿੰਘ ਵਾਲਾ ਨੇ ਪੁਲੀਸ ਨੂੰ ਬਿਆਨ ਵਿੱਚ ਦੱਸਿਆ ਕਿ ਉਸ ਦਾ ਛੋਟਾ ਭਰਾ ਸੂਰਜ (25) 13 ਮਈ ਨੂੰ ਪਿੰਡ ਮਧੇਕੇ ਵਿੱਚ ਕਬਾੜ ਇਕੱਠਾ ਕਰਨ ਗਿਆ ਸੀ। ਸੂਰਜ ਪਾਣੀ ਪੀਣ ਲਈ ਸਵਰਨ ਸਿੰਘ ਦੇ ਖੇਤ ਵਿੱਚ ਰੁਕਿਆ। ਇਸ ਦੌਰਾਨ ਸੂਰਜ ਨੇ ਕੋਈ ਕੰਡਮ ਤਾਰ ਚੁੱਕ ਲਈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਸ ਨੇ ਤਾਰ ਦਾ ਟੋਟਾ ਉੱਥੇ ਘੁੰਮਦੇ ਜਾਨਵਰ ਨੂੰ ਫੜਨ ਲਈ ਚੁੱਕਿਆ ਸੀ ਪਰ ਕਿਸਾਨ ਸਵਰਨ ਸਿੰਘ ਤੇ ਹੋਰ ਲੋਕਾਂ ਨੂੰ ਸੂਰਜ ‘ਤੇ ਚੋਰੀ ਦਾ ਸ਼ੱਕ ਹੋ ਗਿਆ, ਜਿਨ੍ਹਾਂ ਨੇ ਸੂਰਜ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਘਟਨਾ ਮਗਰੋਂ ਉਸ ਦੀ ਮੌਤ ਹੋ ਗਈ। ਥਾਣਾ ਨਿਹਾਲ ਸਿੰਘ ਵਾਲਾ ਦੇ ਪੁਲੀਸ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।



Source link