ਦੁਬਈ, 14 ਮਈ
ਸੰਯੁਕਤ ਅਰਬ ਅਮੀਰਾਤ (ਯੂਏਆਈ) ਦੇ ਸ਼ਾਸਕਾਂ ਨੇ ਅੱਜ ਸ਼ੇਖ ਮੁਹੰਮਦ ਬਿਨ ਜ਼ਾਏਦ ਅਲ ਨਾਹਯਨ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਸਰਕਾਰੀ ਖ਼ਬਰ ਏਜੰਸੀ ਡਬਲਯੂਏਐੱਮ ਅਨੁਸਾਰ ਦੇਸ਼ ਦੀਆਂ ਸੱਤ ਰਿਆਸਤਾਂ ਦੇ ਸ਼ੇਖਾਂ ਅਬੂ ਧਾਬੀ ਦੇ ਅਲ ਮੁਸ਼ਰਿਫ ਪੈਲੇਸ ਵਿੱਚ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ। ਇਹ ਫ਼ੈਸਲਾ ਰਾਸ਼ਟਰਪਤੀ ਖਲੀਫਾ ਬਿਨ ਜ਼ਾਏਦ ਅਲ ਨਹਯਨ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋਣ ਮਗਰੋਂ ਲਿਆ ਗਿਆ ਹੈ। ਸੱਤ ਰਿਆਸਤਾਂ ਵਾਲੇ ਇਸ ਅਮਰੀਕਾ ਦੇ ਸਹਿਯੋਗੀ ਰਾਸ਼ਟਰ ਨੇ 1971 ਵਿੱਚ ਇੱਕ ਸੁਤੰਤਰ ਦੇਸ਼ ਬਣਨ ਮਗਰੋਂ ਰਾਸ਼ਟਰਪਤੀ ਦੀ ਚੋਣ ਕੀਤੀ ਸੀ। ਡਬਲਯੂਏਐੱਮ ਨੇ ਦੱਸਿਆ ਕਿ ਦੇਸ਼ ਦੀਆਂ ਸੱਤਾਂ ਰਿਆਸਤਾਂ ਦੇ ਸ਼ੇਖ ਸ਼ਾਸਕਾਂ ਨੇ ਇਸ ਨਿਯੁਕਤੀ ਲਈ ਸਰਬਸੰਮਤੀ ਦਿੱਤੀ ਹੈ। ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਵੋਟਿੰਗ ਮਗਰੋਂ ਟਵਿਟਰ ‘ਤੇ ਕਿਹਾ, ”ਅਸੀਂ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ, ਅਤੇ ਅਸੀਂ ਉਸ ਪ੍ਰਤੀ ਵਫ਼ਾਦਾਰੀ ਦਾ ਵਾਅਦਾ ਕਰਦੇ ਹਾਂ।” -ਏਪੀ