ਛਲੇੜੀ ਕਲਾਂ ਵਿੱਚ ਸ਼ਾਮਲਾਟ ਜ਼ਮੀਨ ਦਾ ਮਾਮਲਾ ਭਖਿਆ

ਛਲੇੜੀ ਕਲਾਂ ਵਿੱਚ ਸ਼ਾਮਲਾਟ ਜ਼ਮੀਨ ਦਾ ਮਾਮਲਾ ਭਖਿਆ


ਡਾ. ਹਿਮਾਸ਼ੂ ਸੂਦ

ਫ਼ਤਹਿਗੜ੍ਹ ਸਾਹਿਬ, 19 ਮਈ

ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਨਜਾਇਜ਼ ਕਬਜ਼ਾ ਮੁਕਤ ਕਰਵਾਉਣ ਲਈ ਛੇੜੀ ਮੁਹਿੰਮ ਅਧੀਨ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੂੰ ਬਲਾਕ ਸਰਹਿੰਦ ਦੇ ਪਿੰਡ ਛਲੇੜੀ ਕਲਾਂ ਵਿਚ ਪਿੰਡ ਦੇ ਲੋਕਾਂ ਵੱਲੋਂ ਬੀਤੇ ਦਿਨ 417 ਏਕੜ ਜਮੀਨ ਛੱਡਣ ਉਪਰ ਕਬਜ਼ਾ ਛੱਡਣ ਦੇ ਐਲਾਨ ਬਾਅਦ ਅੱਜ ਮਾਮਲਾ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਹਾਜ਼ਰੀ ਵਿਚ ਪਿੰਡ ਵਾਸੀਆਂ ਨੇ ਇਸ ਜ਼ਮੀਨ ਦੀ ਬੋਲੀ ਨਾ ਕਰਵਾਉਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਸ੍ਰੀ ਨਾਗਰਾ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਬਜ਼ੁਰਗਾਂ ਨੇ ਇਹ ਜ਼ਮੀਨ 1904 ਵਿਚ ਖਰੀਦੀ ਸੀ ਜਿਸ ਦੇ ਕਾਗ਼ਜ਼ ਵੀ ਉਨ੍ਹਾਂ ਪਾਸ ਹਨ। ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਐਕਟ ਅਧੀਨ ਸੰਨ 1950 ਤੋਂ ਪਹਿਲਾ ਜਿਨ੍ਹਾਂ ਲੋਕਾਂ ਦਾ ਸ਼ਾਮਲਾਟ ਜਮੀਨ ਉੱਪਰ ਕਬਜ਼ਾ ਕੀਤਾ ਹੋਇਆ ਹੈ ਉਹ ਲੋਕ ਇਨ੍ਹਾਂ ਜ਼ਮੀਨਾਂ ਦੇ ਹੱਕੀ ਮਾਲਕ ਹਨ। ਸ੍ਰੀ ਨਾਗਰਾ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਨ੍ਹਾਂ ਜਮੀਨਾਂ ਪ੍ਰਤੀ ਲੋਕਾਂ ਨੂੰ ਆਪਣੇ ਹੱਕ ਦੇਣ ਸਬੰਧੀ ਕੋਈ ਚੰਗੀ ਨੀਤੀ ਜਾਂ ਕਾਨੂੰਨ ਨਹੀਂ ਬਣਾਉਂਦੀ ਉਦੋਂ ਤੱਕ ਇਨ੍ਹਾਂ ਜ਼ਮੀਨਾਂ ਦੇ ਕਿਸਾਨ ਹੀ ਹੱਕਦਾਰ ਰਹਿਣਗੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਕਬਜ਼ੇ ਛਡਾਉਣੇ ਹਨ ਤਾਂ ਵੱਡੇ ਮਗਰਮੱਛਾਂ ਤੋਂ ਛੁਡਵਾਏ ਜਾਣ। ਸ੍ਰੀ ਨਾਗਰਾ ਨੇ ਐਲਾਨ ਕੀਤਾ ਕਿ ਇਸ ਜ਼ਮੀਨ ਦੀ ਨਾ ਬੋਲੀ ਹੋਣ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਨੂੰ ਜ਼ਮੀਨ ‘ਚ ਵੜਨ ਦਿੱਤਾ ਜਾਵੇਗਾ ਅਤੇ ਨਾ ਹੀ ਕਬਜ਼ੇ ਛੱਡੇ ਜਾਣਗੇ। ਇਸ ਮੌਕੇ ਗਰਪ੍ਰੀਤ ਸਿੰਘ ਛਲੇੜੀ, ਲਖਵਿੰਦਰ ਸਿੰਘ, ਅਮਰ ਸਿੰਘ, ਤਰਸੇਮ ਸਿੰਘ, ਜੀਤ ਸਿੰਘ, ਜਸਵਿੰਦਰ ਸਿੰਘ, ਪੰਚਾਇਤੀ ਰਾਜ ਸੰਗਠਨ ਦੇ ਚੇਅਰਮੇਨ ਭੁਪਿੰਦਰ ਸਿੰਘ ਬਧੌਛੀ, ਮਾਰਕੀਟ ਕਮੇਟੀ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਸਿੰਘ ਜਖਵਾਲੀ ਹਾਜ਼ਰ ਸਨ।



Source link