ਕੁਆਡ ਸੰਮੇਲਨ ਸਮੂਹ ਵੱਲੋਂ ਚੁੱਕੇ ਕਦਮਾਂ ਦੀ ਸਮੀਖਿਆ ਦਾ ਮੌਕਾ: ਮੋਦੀ

ਕੁਆਡ ਸੰਮੇਲਨ ਸਮੂਹ ਵੱਲੋਂ ਚੁੱਕੇ ਕਦਮਾਂ ਦੀ ਸਮੀਖਿਆ ਦਾ ਮੌਕਾ: ਮੋਦੀ


ਨਵੀਂ ਦਿੱਲੀ, 22 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਾਪਾਨ ‘ਚ ਕੁਆਡ ਆਗੂਆਂ ਦੀ ਆਹਮੋ-ਸਾਹਮਣੇ ਹੋਣ ਵਾਲੀ ਦੂਜੀ ਸਿਖਰ ਵਾਰਤਾ ਨਾਲ ਚਾਰਾਂ ਦੇਸ਼ਾਂ ਦੇ ਆਗੂਆਂ ਨੂੰ ਸਮੂਹ ਵੱਲੋਂ ਚੁੱਕੇ ਗਏ ਕਦਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰਤਾ ਨਾਲ ਹਿੰਦ-ਪ੍ਰਸ਼ਾਂਤ ਖੇਤਰ ਦੇ ਹਾਲਾਤ ਦੇ ਨਾਲ ਹੀ ਆਪਸੀ ਹਿੱਤਾਂ ਨਾਲ ਜੁੜੇ ਆਲਮੀ ਮੁੱਦਿਆਂ ‘ਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਵੀ ਮਿਲੇਗਾ।

ਜਾਪਾਨ ਦੀ ਦੋ ਰੋਜ਼ਾ (23-24 ਮਈ) ਯਾਤਰਾ ‘ਤੇ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਯਾਤਰਾ ਦੌਰਾਨ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਦੁਵੱਲੀ ਗੱਲਬਾਤ ਕਰਨਗੇ ਜਿਸ ‘ਚ ਦੁਵੱਲੇ ਸਬੰਧ ਹੋਰ ਮਜ਼ਬੂਤ ਬਣਾਉਣ ਬਾਰੇ ਚਰਚਾ ਹੋਵੇਗੀ। ਮੋਦੀ ਨੇ ਕਿਹਾ, ‘ਅਸੀਂ ਖੇਤਰੀ ਵਿਕਾਸ ਤੇ ਸਮਕਾਲੀ ਆਲਮੀ ਮੁੱਦਿਆਂ ‘ਤੇ ਵੀ ਚਰਚਾ ਜਾਰੀ ਰੱਖਾਂਗੇ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਾਪਾਨ ਦੇ ਆਪਣੇ ਹਮਰੁਤਬਾ ਫੁਮੀਓ ਕਿਸ਼ਿਦਾ ਦੇ ਸੱਦੇ ‘ਤੇ ਟੋਕੀਓ ਜਾਣਗੇ। ਉਨ੍ਹਾਂ ਕਿਹਾ ਕਿ ਮਾਰਚ 2022 ‘ਚ ਉਨ੍ਹਾਂ 14ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਲਈ ਕਿਸ਼ਿਦਾ ਦੀ ਮੇਜ਼ਬਾਨੀ ਕੀਤੀ ਸੀ।

ਮੋਦੀ ਨੇ ਕਿਹਾ, ‘ਮੈਂ ਆਪਣੀ ਟੋਕੀਓ ਯਾਤਰਾ ਦੌਰਾਨ ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਤੇ ਆਲਮੀ ਭਾਈਵਾਲੀ ਮਜ਼ਬੂਤ ਕਰਨ ਦੇ ਮਕਸਦ ਨਾਲ ਸਾਡੀ ਗੱਲਬਾਤ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।’ ਉਨ੍ਹਾਂ ਕਿਹਾ ਕਿ ਜਾਪਾਨ ‘ਚ ਉਹ ਕੁਆਡ ਆਗੂਆਂ ਦੀ ਆਹਮੋ-ਸਾਹਮਣੇ ਦੂਜੀ ਸਿਖਰ ਵਾਰਤਾ ‘ਚ ਵੀ ਹਿੱਸਾ ਲੈਣਗੇ ਜਿਸ ਨਾਲ ਚਾਰ ਮੁਲਕਾਂ ਦੇ ਆਗੂਆਂ ਨੂੰ ਕੁਆਡ ਵੱਲੋਂ ਕੀਤੀਆਂ ਪਹਿਲਕਦਮੀਆਂ ਦੀ ਸਮੀਖਿਆ ਕਰਨ ਦਾ ਮੌਕਾ ਮਿਲੇਗਾ। ਕੁਆਡ ਸੁਰੱਖਿਆ ਸੰਵਾਦ ‘ਚ ਭਾਰਤ, ਜਾਪਾਨ, ਅਮਰੀਕਾ ਦੇ ਆਸਟਰੇਲੀਆ ਦੇ ਆਗੂ ਸ਼ਾਮਲ ਹੋਣਗੇ। ਆਸਟਰੇਲੀਆ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਪਹਿਲੀ ਵਾਰ ਕੁਆਡ ਸਿਖਰ ਸੰਮੇਲਨ ‘ਚ ਹਿੱਸਾ ਲੈ ਰਹੇ ਹਨ। -ਪੀਟੀਆਈ

ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਦਾ ਨਾਕਾਮ ਹੋਣਾ ਤੈਅ: ਚੀਨ

ਪੇਈਚਿੰਗ: ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ‘ਤੇ ਹੱਲਾ ਬੋਲਦਿਆਂ ਚੀਨ ਨੇ ਅੱਜ ਕਿਹਾ ਕਿ ਇਸ ਦਾ ‘ਨਾਕਾਮ ਹੋਣਾ ਤੈਅ ਹੈ’। ਜ਼ਿਕਰਯੋਗ ਹੈ ਕਿ ਕੁਆਡ ਗੱਠਜੋੜ ਦੇ ਆਗੂਆਂ ਦਾ ਸੰਮੇਲਨ ਜਪਾਨ ਵਿਚ ਹੋ ਰਿਹਾ ਹੈ। ਇਸ ਨੂੰ ਅਮਰੀਕਾ ਵੱਲੋਂ ‘ਚੀਨ ਨੂੰ ਘੇਰਨ ਵਾਲਾ’ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ‘ਹਿੰਦ-ਪ੍ਰਸ਼ਾਂਤ ਰਣਨੀਤੀ’ ਕੌਮਾਂਤਰੀ ਭਾਈਚਾਰੇ ਨੂੰ ਚਿੰਤਾ ਵਿਚ ਪਾ ਰਹੀ ਹੈ। ਖਾਸ ਕਰਕੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਫ਼ਿਕਰਮੰਦੀ ਹੈ। -ਪੀਟੀਆਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਲਈ ਰਵਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਰ ਸ਼ਾਮ ਕੁਆਡ ਆਗੂਆਂ ਦੀ ਸਿਖਰ ਵਾਰਤਾ ਵਿੱਚ ਸ਼ਮੂਲੀਅਤ ਕਰਨ ਲਈ ਜਾਪਾਨ ਰਵਾਨਾ ਹੋ ਗਏ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਆਪਣੀ ਇਸ ਫੇਰੀ ਦੌਰਾਨ ਸ੍ਰੀ ਮੋਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ੀਦਾ ਅਤੇ ਆਸਟਰੇਲੀਆ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨਾਲ ਕੁਆਡ ਤੋਂ ਇੱਕ ਪਾਸੇ ਵੱਖਰੀ ਮੁਲਾਕਾਤ ਕਰਕੇ ਦੁਵੱਲੇ ਮੁੱਦਿਆਂ ‘ਤੇ ਚਰਚਾ ਕਰਨਗੇ। -ਪੀਟੀਆਈ



Source link